ਕੈਨੇਡਾ ਨੂੰ ਵਧੇਰੇ ਇਮੀਗ੍ਰੇਸ਼ਨ ਦੀ ਜ਼ਰੂਰਤ ਹੈ: ਸ਼ੌਨ ਫ਼੍ਰੇਜ਼ਰ
ਕੈਨੇਡਾ ਆਉਣ ਵਾਲੇ ਸਾਲਾਂ ਵਿਚ ਆਪਣੇ ਇਮੀਗ੍ਰੇਸ਼ਨ ਪੱਧਰ ਨੂੰ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ,ਪਰ ਕੁਝ ਨੀਤੀ ਮਾਹਰ ਹੈਲਥ ਕੇਅਰ, ਰਿਹਾਇਸ਼ ਅਤੇ ਕਿਫ਼ਾਇਤ ਉੱਪਰ ਇਮੀਗ੍ਰੇਸ਼ਨ ਦੇ ਸੰਭਾਵੀ ਬੋਝ ਨੂੰ ਲੈਕੇ ਚਿੰਤਤ ਹਨ। ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫ਼੍ਰੇਜ਼ਰ ਨੇ ਕੈਨੇਡੀਅਨ ਪ੍ਰੈੱਸ ਨੂੰ ਦਿੱਤੇ ਇੱਕ ਇੰਟਰਵਿਊ ਵਿਚ ਕਿਹਾ ਕਿ ਕਾਮਿਆਂ ਦੀ ਘਾਟ ਅਤੇ ਜਨਸੰਖਿਆ ਵਿਚ ਆ ਰਹੇ ਪਰਿਵਰਤਨ ਵਰਗੀਆਂ ਚੁਣੌਤੀਆਂ ਦੇ ਮੱਦੇਨਜ਼ਰ ਕੈਨੇਡਾ ਨੂੰ ਵਧੇਰੇ ਇਮੀਗ੍ਰੇਸ਼ਨ ਦੀ ਜ਼ਰੂਰਤ ਹੈ।
ਨਵੰਬਰ ਮਹੀਨੇ ਫ਼ੈਡਰਲ ਸਰਕਾਰ ਨੇ 2025 ਤੱਕ ਹਰ ਸਾਲ 500,000 ਇਮੀਗ੍ਰੈਂਟਸ ਨੂੰ ਕੈਨੇਡਾ ਸੱਦਣ ਦਾ ਟੀਚਾ ਮਿੱਥਿਆ ਸੀ। ਸਾਲ 2022 ਵਿਚ ਰਿਕਾਰਡ-ਤੋੜ 437,000 ਤੋਂ ਵੱਧ ਲੋਕ ਪਰਮਾਨੈਂਟ ਰੈਜ਼ੀਡੈਂਟ ਬਣੇ। ਯੂਨੀਵਰਸਿਟੀ ਔਫ਼ ਨਿਊ ਬਰੰਜ਼ਵਿਕ ਵਿਚ ਰਾਜਨੀਤੀ ਵਿਗਿਆਨ ਦੇ ਪ੍ਰੋਫ਼ੈਸਰ, ਟੈਡ ਮੈਕਡੌਨਲਡ ਨੇ ਕਿਹਾ ਕਿ ਨਵੀਂ ਇਮੀਗ੍ਰੇਸ਼ਨ ਦਰ ਆਸਟ੍ਰੇਲੀਆ ਵਰਗੇ ਸਮਾਨ ਦੇਸ਼ਾਂ ਨਾਲੋਂ ਕਾਫ਼ੀ ਵਧੇਰੇ ਹੈ।
ਉਹਨਾਂ ਕਿਹਾ ਕਿ ਇਹ ਆਪਣੇ ਆਪ ਵਿਚ ਕੋਈ ਮਾੜੀ ਚੀਜ਼ ਨਹੀਂ ਹੈ। ਪਰ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਦਾ ਇਹ ਕੋਈ ਠੀਕ ਤਰੀਕਾ ਨ੍ਹੀਂ ਹੈ। ਮੈਨੂੰ ਲੱਗਦਾ ਹੈ ਕਿ ਇਹ ਨੀਤੀ ਉਦੋਂ ਵਧੇਰੇ ਅਰਥ ਰੱਖਦੀ ਜੇਕਰ ਇਹ ਢਾਂਚਾਗਤ ਕਾਮਿਆਂ ਦੀ ਘਾਟ ਨਾਲ ਮੇਲ ਖਾਂਦੀ
। ਉਹਨਾਂ ਕਿਹਾ ਕਿ ਕੈਨੇਡਾ ਦੀ ਘਟ ਰਹੀ ਜਨਮ ਦਰ ਵੀ ਇਮੀਗ੍ਰੇਸ਼ਨ ਲਈ ਇੱਕ ਦਲੀਲ ਹੈ। ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ, 2020 ਵਿਚ ਮੁਲਕ ਦੀ ਔਸਤ ਜਨਮ ਦਰ 1.4 ਬੱਚੇ ਪ੍ਰਤੀ ਔਰਤ ਦੇ ਹੇਠਲੇ ਪੱਧਰ ‘ਤੇ ਦਰਜ ਹੋਈ ਹੈ।
ਇਹ ਦਰ ਇਮੀਗ੍ਰੇਸ਼ਨ ਤੋਂ ਬਗ਼ੈਰ ਆਬਾਦੀ ਨੂੰ ਬਰਕਰਾਰ ਰੱਖਣ ਲਈ ਲੋੜੀਂਦੀ 2.1 ਦਰ ਤੋਂ ਬਹੁਤ ਘੱਟ ਹੈ।। ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਇੱਕ ਸੀਨੀਅਰ ਅਧਿਕਾਰੀ ਐਂਡਰੂ ਗ੍ਰਿਫ਼ਿਥ ਨੇ ਕਿਹਾ, ਮੇਰੇ ਨਜ਼ਰੀਂ ਇਹਨਾਂ ਟੀਚਿਆਂ ਦੇ ਹੈਲਥ-ਕੇਅਰ, ਕਿਫ਼ਾਇਤ ਅਤੇ ਰਿਹਾਇਸ਼ ‘ਤੇ ਪੈਣ ਵਾਲੇ ਪ੍ਰਭਾਵ ਦਾ ਕੋਈ ਮੁਲਾਂਕਣ ਨਹੀਂ ਪਿਆ ਹੈ, ਇਸ ਵਾਧੂ ਦਬਾਅ ਦਾ ਕੋਈ ਮੁਲਾਂਕਣ ਨਹੀਂ ਕੀਤਾ ਗਿਆ ਹੈ
।
ਪਰ ਫ਼੍ਰੇਜ਼ਰ ਦਾ ਕਹਿਣਾ ਹੈ ਕਿ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਵਿਚੋਂ ਬਹੁਤ ਸਾਰੇ ਲੋਕ ਪਹਿਲਾਂ ਹੀ ਕੈਨੇਡਾ ਵਿਚ ਰਹਿ ਰਹੇ ਹਨ। ਉਦਾਹਰਣ ਵੱਜੋਂ, 2021 ਵਿਚ 157,000 ਅੰਤਰਰਾਸ਼ਟਰੀ ਵਿਦਿਆਰਥੀ ਪਰਮਾਨੈਂਟ ਰੈਜ਼ੀਡੈਂਟ ਬਣੇ ਸਨ। ਫ਼੍ਰੇਜ਼ਰ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ ਹੈ ਕਿ ਉਹ 5 ਲੱਖ ਬੰਦਾ ਕੇਨੈਡਾ ਆ ਰਿਹਾ ਹੈ ਜੋ ਪਹਿਲਾਂ ਕੈਨੇਡਾ ਵਿਚ ਨਹੀਂ ਹੈ।
ਦ ਕੈਨੇਡੀਅਨ ਪ੍ਰੈੱਸ