ਟੋਰਾਂਟੋ ਪੁਲਸ ਨੇ ਸ਼ਹਿਰ ਦੇ ਪੱਛਮ ਵਿੱਚ ਆਟੋ ਚੋਰੀ ਦੀ ਚੱਲ ਰਹੀ ਜਾਂਚ ਦੇ ਸਬੰਧ ਵਿੱਚ 500 ਤੋਂ ਵੱਧ ਵਾਹਨ ਬਰਾਮਦ ਕੀਤੇ ਹਨ ਅਤੇ 119 ਲੋਕਾਂ ‘ਤੇ ਦੋਸ਼ ਲਗਾਏ ਗਏ ਹਨ। ਟੋਰਾਂਟੋ ਦੇ ਪੁਲਸ ਮੁਖੀ ਮਾਈਰਨ ਡੇਮਕੀਵ ਨੇ ਕਿਹਾ ਕਿ ਫੋਰਸ ਨੇ ਸ਼ਹਿਰ ਵਿੱਚ ਵਾਹਨ ਚੋਰੀ ਦੇ ਵੱਧ ਰਹੇ ਮੁੱਦੇ ਨੂੰ ਹੱਲ ਕਰਨ ਲਈ ਨਵੰਬਰ 2022 ਵਿੱਚ ਪ੍ਰੋਜੈਕਟ ਸਟੈਲੀਅਨ ਦੀ ਸ਼ੁਰੂਆਤ ਕੀਤੀ ਸੀ। ਪ੍ਰੋਜੈਕਟ ਸ਼ੁਰੂ ਹੋਣ ਤੋਂ ਬਾਅਦ 119 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ‘ਤੇ 314 ਅਪਰਾਧਿਕ ਦੋਸ਼ ਲਗਾਏ ਗਏ ਹਨ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਵੀ ਸ਼ਾਮਲ ਹਨ। 11 ਅਪ੍ਰੈਲ ਤੱਕ 27 ਮਿਲੀਅਨ ਡਾਲਰ ਤੋਂ ਵੱਧ ਦੇ 556 ਚੋਰੀ ਹੋਏ ਵਾਹਨ ਬਰਾਮਦ ਕੀਤੇ ਗਏ ਹਨ।
ਸ਼ੱਕੀ ਜ਼ਿਆਦਾਤਰ ਜੀਟੀਏ ਵਿੱਚ ਰਹਿੰਦੇ ਹਨ, ਹਾਲਾਂਕਿ ਉਨ੍ਹਾਂ ਵਿੱਚੋਂ ਇੱਕ ਦਰਜਨ ਤੋਂ ਵੱਧ ਕਿਊਬਿਕ ਦੇ ਹਨ। ਕਈ ਸ਼ੱਕੀ ਨੌਜਵਾਨ ਅਪਰਾਧੀ ਵੀ ਹਨ। ਟੈਵਰਨਰ ਨੇ ਕਿਹਾ ਕਿ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੁੱਝ ਲੋਕ ਆਪਣੇ ਦਮ ‘ਤੇ ਕੰਮ ਕਰ ਰਹੇ ਸਨ, ਜਦੋਂਕਿ ਜ਼ਿਆਦਾਤਰ ਸੰਗਠਿਤ ਸੈੱਲਾਂ ਦਾ ਹਿੱਸਾ ਸਨ ਜੋ ਜੀਟੀਏ ਵਿੱਚ ਆਟੋ ਚੋਰੀ ਵਿੱਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਬਰਾਮਦ ਕੀਤੇ ਗਏ ਸਾਰੇ ਵਾਹਨ ਜੀਟੀਏ ਵਿੱਚ ਪਾਏ ਗਏ ਸਨ, ਹਾਲਾਂਕਿ ਉਨ੍ਹਾਂ ਵਿੱਚੋਂ ਲਗਭਗ 30 ਪੋਰਟ ਆਫ ਮਾਂਟਰੀਅਲ ਲਈ ਜਾਣ ਵਾਲੇ ਸ਼ਿਪਿੰਗ ਕੰਟੇਨਰਾਂ ਵਿੱਚ ਸਨ।
ਚੋਰ, ਵਾਹਨਾਂ ਨੂੰ ਚੋਰੀ ਕਰਨ ਲਈ ਬਹੁਤ ਹੀ ਆਧੁਨਿਕ ਢੰਗਾਂ ਦੀ ਵਰਤੋਂ ਕਰ ਰਹੇ ਹਨ ਅਤੇ ਉਹਨਾਂ ਵਾਹਨਾਂ ਦੀ ਵਰਤੋਂ ਹੋਰ ਜੁਰਮਾਂ ਨੂੰ ਅੰਜਾਮ ਦੇਣ ਜਾਂ ਵਾਹਨਾਂ ਨੂੰ ਵਿਦੇਸ਼ ਭੇਜਣ ਲਈ ਕਰ ਰਹੇ ਹਨ, ਜਿੱਥੇ ਉਹਨਾਂ ਦੀ ਕੀਮਤ ਤੋਂ ਵੱਧ ਕੀਮਤ ‘ਤੇ ਦੁਬਾਰਾ ਵੇਚਿਆ ਜਾਂਦਾ ਹੈ। ਹਾਲਾਂਕਿ ਦੇਸ਼ ਤੋਂ ਬਾਹਰ ਕੋਈ ਵੀ ਕਾਰਾਂ ਬਰਾਮਦ ਨਹੀਂ ਕੀਤੀਆਂ ਗਈਆਂ, ਲਗਭਗ ਸਾਰੀਆਂ ਟੋਰਾਂਟੋ ਜਾਂ ਜੀਟੀਏ ਵਿੱਚ ਬਰਾਮਦ ਕੀਤੀਆਂ ਗਈਆਂ ਸਨ।