ਫ਼ੈਡਰਲ ਸਰਕਾਰ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ, ਸਾਰੇ ਸਰਕਾਰੀ ਮੋਬਾਈਲ ਫ਼ੋਨਾਂ ਚੋਂ ਚੀਨ ਦੀ ਸੋਸ਼ਲ ਮੀਡੀਆ ਐਪ ਵੀਚੈਟ ਅਤੇ ਰੂਸੀ ਐਂਟੀਵਾਇਰਸ ਸੌਫ਼ਟਵੇਅਰ ਕੈਸਪਰਸਕੀ ਨੂੰ ਬੈਨ ਕਰਨ ਦਾ ਫ਼ੈਸਲਾ ਲਿਆ ਹੈ। ਟ੍ਰੈਜ਼ਰੀ ਬੋਰਡ ਦੀ ਪ੍ਰੈਜ਼ੀਡੈਂਟ ਅਨੀਤਾ ਆਨੰਦ ਨੇ ਇਸ ਪਾਬੰਦੀ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਫ਼ੈਡਰਲ ਸਰਕਾਰ ਸੰਭਾਵੀ ਖ਼ਤਰਿਆਂ ਦੀ ਨਿਯਮਤ ਤੌਰ ‘ਤੇ ਨਿਗਰਾਨੀ ਕਰਦੀ ਹੈ ਅਤੇ ਜੋਖਮਾਂ ਨਾਲ ਨਜਿੱਠਣ ਲਈ ਤੁਰੰਤ ਕਾਰਵਾਈ ਕਰਦੀ ਹੈ।
ਸਾਈਬਰ ਖ਼ਤਰਿਆਂ ਦਾ ਨਿਰੰਤਰ ਮੁਲਾਂਕਣ ਜਾਰੀ ਰਹੇਗਾ ਅਤੇ ਲੋੜ ਅਨੁਸਾਰ ਫ਼ੌਰੀ ਕਦਮ ਚੁੱਕੇ ਜਾਂਦੇ ਰਹਿਣਗੇ। ਇੱਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਦੀ ਮੁੱਖ ਸੂਚਨਾ ਅਧਿਕਾਰੀ ਕੈਥਰੀਨ ਲੁਏਲੋ ਨੇ ਨਿਰਧਾਰਿਤ ਕੀਤਾ ਹੈ ਕਿ ਵੀਚੈਟ ਅਤੇ ਕੈਸਪਰਸਕੀ ਐਪਸ ਗੋਪਨੀਯਤਾ ਅਤੇ ਸੁਰੱਖਿਆ ਲਈ ਇੱਕ ਅਸਵੀਕਾਰਨਯੋਗ ਪੱਧਰ ਦਾ ਰਿਸਕ ਜ਼ਾਹਰ ਕਰਦੀਆਂ ਹਨ।
ਵੀਚੈਟ ਅਤੇ ਕੈਸਪਰਸਕੀ ਐਪਲੀਕੇਸ਼ਨਾਂ ਦੇ ਡਾਟਾ ਇਕੱਠਾ ਕਰਨ ਦੀਆਂ ਵਿਧੀਆਂ ਮੋਬਾਈਲ ਡਿਵਾਈਸ ਦੀਆਂ ਸਮੱਗਰੀਆਂ ਤੱਕ ਕਾਫ਼ੀ ਪਹੁੰਚ ਪ੍ਰਦਾਨ ਕਰਦੀਆਂ ਹਨ।
ਸਰਕਾਰੀ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵੀਚੈਟ ਅਤੇ ਕੈਸਪਰਸਕੀ ਦੀ ਵਰਤੋਂ ਕਰਨ ਦੇ ਰਿਸਕ ਬਾਰੇ ਕੋਈ ਸ਼ੱਕ ਨਹੀਂ ਹੈ, ਪਰ ਸਰਕਾਰ ਕੋਲ ਅਜਿਹਾ ਕੋਈ ਸਬੂਤ ਨਹੀਂ ਹੈ ਕਿ ਸਰਕਾਰੀ ਜਾਣਕਾਰੀ ਨਾਲ ਸਮਝੌਤਾ ਕੀਤਾ ਗਿਆ ਹੋਵੇ ਭਾਵ ਜਾਣਕਾਰੀ ਲੀਕ ਹੋਈ ਹੋਵੇ।
ਫ਼ੈਡਰਲ ਸਰਕਾਰ ਨੇ ਕਿਹਾ ਕਿ ਆਮ ਲੋਕ ਆਪਣੇ ਮੋਬਾਈਲ ਡਿਵਾਈਸੇਜ਼ ‘ਤੇ ਉਕਤ ਐਪਸ ਨੂੰ ਡਾਊਨਲੋਡ ਕਰਨ ਜਾਂ ਨਹੀਂ, ਇਹ ਉਨ੍ਹਾਂ ਦਾ ਨਿੱਜੀ ਫ਼ੈਸਲਾ ਹੋਵੇਗਾ। ਪਰ ਸਰਕਾਰ ਨੇ ਇਹ ਸਿਫ਼ਾਰਿਸ਼ ਕੀਤੀ ਹੈ ਕਿ ਜੋ ਵੀ ਵਿਅਕਤੀ ਇਹਨਾਂ ਐਪਲੀਕੇਸ਼ਨਾਂ ਦੀ ਵਰਤੋਂ ਕਰਦਾ ਹੈ, ਉਹ ਰਿਸਕ ਦਾ ਮੁਲਾਂਕਣ ਕਰਨ ਲਈ ਕਮਿਊਨੀਕੈਸ਼ਨਜ਼ ਸਿਕਿਓਰਟੀ ਇਸਟੈਬਲਿਸ਼ਮੈਂਟ (CSE) ਦੀ ਔਨਲਾਈਨ ਗਾਈਡੈਂਸ ਨਾਲ ਰਾਬਤਾ ਕਰੇ।
ਵੀਚੈਟ ਇੱਕ ਪ੍ਰਸਿੱਧ ਸੋਸ਼ਲ ਮੀਡੀਆ, ਭੁਗਤਾਨ, ਤੁਰੰਤ ਮੈਸੇਜਿੰਗ ਅਤੇ ਨੈੱਟਵਰਕਿੰਗ ਐਪ ਹੈ ਜੋ ਸ਼ੈਨਜ਼ੇਨ-ਅਧਾਰਤ ਟੈਕ ਕੰਪਨੀ ਟੈਨਸੈਂਟ ਦੁਆਰਾ ਵਿਕਸਤ ਕੀਤੀ ਗਈ ਹੈ। ਦੁਨੀਆ ਭਰ ਵਿੱਚ ਇਸਦੇ ਇੱਕ ਅਰਬ ਤੋਂ ਵੱਧ ਉਪਭੋਗਤਾ ਹਨ।
(ਸੀਬੀਸੀ ਨਿਊਜ਼)