ਟੋਰਾਂਟੋ ਦੇ Crypto Shops ‘ਤੇ ਸ਼ੱਕੀ ਲੈਣ-ਦੇਣ, Iran ਨਾਲ ਜੁੜੇ ਦਹਿਸ਼ਤੀ ਗਰੁੱਪਾਂ ਨਾਲ ਸੰਬੰਧਾਂ ਦੇ ਦੋਸ਼ |
Crypto Shops ‘ਤੇ ਸ਼ੱਕੀ ਲੈਣ-ਦੇਣ, Iran ਨਾਲ ਲਿੰਕ ਦਾ ਦੋਸ਼ |
ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਚੱਲ ਰਹੀਆਂ ਕਈ Crypto Shops ਨੂੰ ਲੈ ਕੇ ਵੱਡੇ ਖੁਲਾਸੇ ਸਾਹਮਣੇ ਆਏ ਹਨ। ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਕੁਝ Crypto Shops ਰਾਹੀਂ ਹੋ ਰਹੀਆਂ ਸ਼ੱਕੀ ਡਿਜ਼ਿਟਲ ਕਰੰਸੀ ਲੈਣ-ਦੇਣ ਦਾ ਸੰਬੰਧ ਇਰਾਨ ਦੇ ਸਰਕਾਰ-ਸਮਰਥਿਤ ਦਹਿਸ਼ਤੀ ਗਰੁੱਪਾਂ ਨਾਲ ਹੋ ਸਕਦਾ ਹੈ।
ਰਿਪੋਰਟ ਮੁਤਾਬਕ ਯੋਂਗ ਸਟਰੀਟ ‘ਤੇ ਸਥਿਤ Million Exchange ਨਾਮ ਦੀ ਇੱਕ ਦੁਕਾਨ ਆਪਣੀ ਵੈੱਬਸਾਈਟ ‘ਤੇ “ਡਿਜ਼ਿਟਲ ਕਰੰਸੀ ਦੀ ਤੁਰੰਤ ਖਰੀਦ-ਫਰੋਖ਼ਤ” ਦੀ ਸਹੂਲਤ ਦੇਣ ਦਾ ਦਾਅਵਾ ਕਰਦੀ ਹੈ, ਪਰ ਇਹ ਫੈਡਰਲ ਸਰਕਾਰ ਦੀ ਮਨਜ਼ੂਰਸ਼ੁਦਾ Crypto Shops ਦੀ ਰਜਿਸਟਰੀ ਵਿੱਚ ਦਰਜ ਨਹੀਂ ਹੈ। ਕੈਨੇਡਾ ਵਿੱਚ ਕ੍ਰਿਪਟੋ ਕਾਰੋਬਾਰ ਲਈ ਰਜਿਸਟ੍ਰੇਸ਼ਨ ਲਾਜ਼ਮੀ ਹੈ ਤਾਂ ਜੋ ਮਨੀ ਲਾਂਡਰਿੰਗ ਅਤੇ ਦਹਿਸ਼ਤਗਰਦੀ ਫੰਡਿੰਗ ਨੂੰ ਰੋਕਿਆ ਜਾ ਸਕੇ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਪਿਛਲੇ ਲਗਭਗ ਡੇਢ ਸਾਲ ਦੌਰਾਨ ਇੱਕ ਵਰਚੁਅਲ ਵਾਲਿਟ ਰਾਹੀਂ 200 ਮਿਲੀਅਨ ਡਾਲਰ ਤੋਂ ਵੱਧ ਦੀ ਡਿਜ਼ਿਟਲ ਕਰੰਸੀ ਦਾ ਲੈਣ-ਦੇਣ ਹੋਇਆ। ਇਨ੍ਹਾਂ ਵਿੱਚੋਂ ਦੋ ਟ੍ਰਾਂਜ਼ੈਕਸ਼ਨਾਂ ਵਿੱਚ ਲਗਭਗ 5.88 ਲੱਖ ਡਾਲਰ ਦੀ ਕ੍ਰਿਪਟੋ ਕਰੰਸੀ ਉਸ ਖਾਤੇ ਤੋਂ ਆਈ ਜਿਸਦਾ ਸੰਬੰਧ ਇਰਾਨ ਦੇ Islamic Revolutionary Guard Corps (IRGC) ਨਾਲ ਦੱਸਿਆ ਜਾ ਰਿਹਾ ਹੈ, ਜਿਸਨੂੰ ਕੈਨੇਡਾ ਪਹਿਲਾਂ ਹੀ ਦਹਿਸ਼ਤੀ ਸੰਗਠਨ ਘੋਸ਼ਿਤ ਕਰ ਚੁੱਕਾ ਹੈ।
ਜਾਂਚ ਵਿੱਚ ਇਹ ਵੀ ਪਤਾ ਲੱਗਿਆ ਕਿ ਯੋਂਗ ਸਟਰੀਟ ਦੇ ਨਾਰਥ ਯਾਰਕ ਤੋਂ ਰਿਚਮੰਡ ਹਿੱਲ ਤੱਕ 30 ਤੋਂ ਵੱਧ ਗੈਰ-ਅਧਿਕਾਰਤ Crypto Shops ਖੁੱਲ੍ਹੇਆਮ ਗਾਹਕਾਂ ਨੂੰ ਸੇਵਾਵਾਂ ਦੇ ਰਹੀਆਂ ਹਨ ਅਤੇ ਕੈਨੇਡੀਅਨ ਕਾਨੂੰਨਾਂ ਦੀ ਉਲੰਘਣਾ ਕਰ ਰਹੀਆਂ ਹਨ।
ਇਹ ਕਾਰੋਬਾਰ ਖਾਸ ਤੌਰ ‘ਤੇ ਉਥੇ ਵਧੇ ਹਨ ਜਿੱਥੇ ਇਰਾਨੀ ਕਮਿਊਨਿਟੀ ਵਸਦੀ ਹੈ। ਕੈਨੇਡਾ ਸਰਕਾਰ ਵੱਲੋਂ ਇਰਾਨ ‘ਤੇ ਲਗਾਈਆਂ ਪਾਬੰਦੀਆਂ ਅਤੇ ਬੈਂਕਿੰਗ ਰੋਕਾਂ ਕਾਰਨ ਲੋਕਾਂ ਲਈ ਸਿੱਧਾ ਪੈਸਾ ਭੇਜਣਾ ਮੁਸ਼ਕਲ ਹੋ ਗਿਆ ਸੀ, ਜਿਸ ਕਰਕੇ ਕਈ ਲੋਕ Crypto Shops ਅਤੇ ਕਰੰਸੀ ਐਕਸਚੇਂਜਾਂ ਰਾਹੀਂ ਆਪਣੇ ਪਰਿਵਾਰਾਂ ਨੂੰ ਪੈਸਾ ਭੇਜਣ ਲੱਗੇ।
ਇਸ ਮਾਮਲੇ ‘ਤੇ ਕੈਨੇਡਾ ਦੀ ਵਿੱਤੀ ਏਜੰਸੀ FINTRAC ਦਾ ਕਹਿਣਾ ਹੈ ਕਿ ਉਹ ਕ੍ਰਿਪਟੋ ਨਾਲ ਜੁੜੀ ਗੈਰਕਾਨੂੰਨੀ ਗਤੀਵਿਧੀਆਂ ‘ਤੇ ਨਜ਼ਰ ਰੱਖ ਰਹੀ ਹੈ ਅਤੇ ਪਿਛਲੇ ਤਿੰਨ ਸਾਲਾਂ ਵਿੱਚ 17 ਮਨੀ ਸਰਵਿਸ ਬਿਜ਼ਨਸਾਂ ਨੂੰ ਕਰੀਬ 205 ਮਿਲੀਅਨ ਡਾਲਰ ਦੇ ਜੁਰਮਾਨੇ ਲਗਾਏ ਗਏ ਹਨ।
ਮਾਹਿਰਾਂ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ‘ਤੇ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਗੈਰ-ਰਜਿਸਟਰਡ Crypto Shops ਰਾਹੀਂ ਗੈਰਕਾਨੂੰਨੀ ਪੈਸੇ ਦੇ ਲੈਣ-ਦੇਣ ਅਤੇ ਦਹਿਸ਼ਤਗਰਦੀ ਫੰਡਿੰਗ ਦਾ ਖ਼ਤਰਾ ਵਧ ਸਕਦਾ ਹੈ।