ਤਾਲਿਬਾਨ ਨੇ ਅਫਗਾਨਿਸਤਾਨ ਤੇ ਕਬਜ਼ਾ ਕਰਨ ਤੋਂ ਬਾਅਦ ਹੁਣ ਇਸਲਾਮਿਕ ਕਾਨੂੰਨ ਨੂੰ ਪੂਰੀ ਸਖ਼ਤੀ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਐਤਵਾਰ ਨੂੰ ਤਾਲਿਬਾਨ ਦੇ ਖੁਫੀਆ ਏਜੰਟਾਂ ਦੀ ਇੱਕ ਟੀਮ ਨੇ ਕਾਬੁਲ ‘ਚ ਹਜ਼ਾਰਾਂ ਲੀਟਰ ਸ਼ਰਾਬ ਜ਼ਬਤ ਕੀਤੀ ਅਤੇ ਖੁਫੀਆ ਏਜੰਟਾਂ ਨੇ ਜ਼ਬਤ ਕੀਤੀ ਸ਼ਰਾਬ ਨੂੰ ਕੈਮਰੇ ਦੇ ਸਾਹਮਣੇ ਕਾਬੁਲ ਦੀ ਇੱਕ ਨਹਿਰ ‘ਚ ਸੁੱਟ ਦਿੱਤਾ। ਤਾਲਿਬਾਨ ਨੇ ਅਫਗਾਨ ਲੋਕਾ ਨੂੰ ਸ਼ਰਾਬ ਬਣਾਉਣ ਅਤੇ ਉਸ ਦੀ ਵਿਕਰੀ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ।
ਫਿਲਹਾਲ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਛਾਪੇਮਾਰੀ ਕਦੋਂ ਕੀਤੀ ਗਈ ਸੀ ਤੇ ਸ਼ਰਾਬ ਕਦੋਂ ਨਸ਼ਟ ਕੀਤੀ ਗਈ। ਪਰ ਤਾਲਿਬਾਨ ਦੀ ਖੁਫੀਆ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਇਸ ਛਾਪੇਮਾਰੀ ਦੌਰਾਨ ਤਿੰਨ ਡੀਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੋਸ਼ੀਆ ਤੇ ਇਸਲਾਮਿਕ ਕਾਨੂੰਨ ਮੁਤਾਬਕ ਮੁਕੱਦਮਾ ਚਲਾਇਆ ਜਾਵੇਗਾ ਤੇ ਸਜ਼ਾ ਤੈਅ ਕੀਤੀ ਜਾਵੇਗੀ।ਕਿਉਕਿ ਇਸਲਾਮ ‘ਚ ਸ਼ਰਾਬ ਨੂੰ ਹਰਾਮ ਮੰਨਿਆ ਗਿਆ ਹੈ।
ਜਿਕਰਯੋਗ ਹੈ ਕਿ ਅਫਗਾਨਿਸਤਾਨ ਦੀ ਪਿਛਲੀ ਸਰਕਾਰ ਦੌਰਾਨ ਵੀ ਸ਼ਰਾਬ ਦੀ ਵਿਕਰੀ ਤੇ ਪਾਬੰਦੀ ਲਗਾਈ ਗਈ ਸੀ।ਪਰ ਤਾਲਿਬਾਨ ਨੇ ਅਫਗਾਨਿਸਤਾਨ ਤੇ ਕਬਜ਼ਾ ਕਰਨ ਤੋਂ ਬਾਅਦ ਇਸ ਕਾਨੂੰਨ ਨੂੰ ਹੋਰ ਵੀ ਸਖ਼ਤੀ ਨਾਲ ਲਾਗੂ ਕੀਤਾ ਹੈ। ਉਨ੍ਹਾ ਨੇ ਦੇਸ਼ ਭਰ ‘ਚ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਦੇ ਵਿਰੁੱਧ ਕਈ ਛਾਪੇਮਾਰੀ ਵੀ ਕੀਤੀ ਹੈ। ਅਫੀਮ ਅਤੇ ਹੋਰ ਨਸ਼ੀਲੇ ਪਦਾਰਥਾਂ ਦੇ ਨਿਰਮਾਣ ਅਤੇ ਤਸਕਰੀ ਤੇ ਵੀ ਕਾਰਵਾਈ ਕੀਤੀ ਗਈ ਹੈ।
ਤਾਲਿਬਾਨ ਦੀ ਕਮਾਈ ਦੇ ਸਾਧਨ
ਅਫਗਾਨਿਸਤਾਨ ‘ਚ ਨਾਗਰਿਕ ਸ਼ਾਸਨ ਦੇ ਦੌਰਾਨ ਵੀ ਇੱਕ ਵੱਡੇ ਹਿੱਸੇ ਤੇ ਤਾਲਿਬਾਨ ਦਾ ਕੰਟਰੋਲ ਸੀ ਅਤੇ ਅੱਤਵਾਦੀ ਸਮੂਹ ਇਨ੍ਹਾਂ ਖੇਤਰਾਂ ਤੋਂ ਵਿਦਰੋਹ ਨੂੰ ਵਿੱਤਪੋਸ਼ਿਤ ਕਰਨ ਲਈ ਭਾਰੀ ਮਾਤਰਾ ‘ਚ ਪੈਸਾ ਵਸੂਲਦਾ ਸੀ। ਤਾਲਿਬਾਨ ਨੇ ਇਕੱਲੇ 2019-20 ‘ਚ ਵੱਖ-ਵੱਖ ਸਰੋਤਾਂ ਤੋਂ 1.6 ਬਿਲੀਅਨ ਡਾਲਰ ਦੀ ਕਮਾਈ ਕੀਤੀ ਅਤੇ ਅਫੀਮ ਵੇਚ ਕੇ 416 ਮਿਲੀਅਨ ਡਾਲਰ ਕਮਾਏ। ਖਣਿਜ ਲੋਹੇ, ਸੰਗਮਰਮਰ ਤੇ ਸੋਨੇ ਵਰਗੇ ਖਣਿਜਾਂ ਤੋਂ 400 ਮਿਲੀਅਨ ਡਾਲਰ ਤੋਂ ਜਿਆਦਾ ਦੀ ਕਮਾਈ ਕੀਤੀ ਅਤੇ ਨਿੱਜੀ ਦਾਨੀਆਂ ਤੇ ਸਮੂਹਾਂ ਦੇ ਦਾਨ ਤੋਂ 240 ਮਿਲੀਅਨ ਡਾਲਰ ਦੀ ਕਮਾਈ ਕੀਤੀ।