ਕੈਨੇਡਾ ‘ਚ ਨਵੇਂ ਕਿਰਾਏਦਾਰਾਂ ਲਈ ਔਸਤ ਕਿਰਾਇਆ 18% ਤੋਂ ਜ਼ਿਆਦਾ ਵਧਿਆ
ਕੈਨੇਡਾ ਵਿਚ ਅਪਾਰਮੈਂਟਾਂ ਦੀ ਵਧਦੀ ਮੰਗ ਕਾਰਨ, ਇਹਨਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ ਹੈ। ਨਵੇਂ ਕਿਰਾਏਦਾਰਾਂ ਲਈ ਕਿਰਾਇਆਂ ਵਿਚ 18 % ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਔਸਤ ਕਿਰਾਇਆ ਵੀ 1,258 ਡਾਲਰ ਪ੍ਰਤੀ ਮਹੀਨਾ ਪਹੁੰਚ ਗਿਆ ਹੈ। ਇਹ ਇੱਕ ਸਾਲ ਪਹਿਲਾਂ ਦੇ ਪੱਧਰ ਦੀ ਤੁਲਨਾ ਵਿਚ 5.6 % ਵਾਧਾ ਹੈ ਅਤੇ ਪਿਛਲੇ 30 ਸਾਲ ਦੀ ਸਾਲਾਨਾ ਔਸਤ ਨਾਲੋਂ ਦੁਗਣਾ ਹੈ। ਪਰ ਹਰੇਕ ਯੂਨਿਟ ਲਈ ਕਿਰਾਇਆ ਵਧਣ ਦੀ ਰਫ਼ਤਾਰ ਇੱਕੋ ਨਹੀਂ ਹੈ। ਜਿਨ੍ਹਾਂ ਅਪਾਰਟਮੈਂਟਾਂ ਵਿਚ ਕਿਰਾਏਦਾਰ ਬਦਲੇ ਹਨ, ਉੱਥੇ ਕਿਰਾਇਆਂ ਵਿਚ 18.9 % ਵਾਧਾ ਹੋਇਆ ਹੈ। ਜਿੱਥੇ ਕਿਰਾਏਦਾਰ ਨਹੀਂ ਬਦਲੇ ਹਨ ਉੱਥੇ ਕਿਰਾਏ ਵਿਚ 2.9 % ਵਾਧਾ ਹੋਇਆ ਹੈ।
ਇਹ ਅੰਕੜੇ ਇਸ ਤੱਥ ਨੂੰ ਦਰਸਾਉਂਦੇ ਹਨ ਕਿ ਜਦੋਂ ਮਕਾਨ ਖ਼ਾਲੀ ਹੁੰਦਾ ਹੈ ਤਾਂ ਮਕਾਨਮਾਲਕ ਆਮ ਤੌਰ ‘ਤੇ ਮੌਜੂਦਾ ਮਾਰਕੀਟ ਪੱਧਰ ਮੁਤਾਬਕ ਕਿਰਾਏ ਨੂੰ ਵਧਾ ਦਿੰਦਾ ਹੈ। ਕੈਨੇਡਾ ਦੇ ਦੋ ਵੱਡੇ ਸ਼ਹਿਰਾਂ ਵਿਚ ਔਸਤ ਕਿਰਾਏ ਵਾਧੇ ਦਾ ਪਾੜਾ ਹੋਰ ਵੀ ਡੂੰਘਾ ਦਰਜ ਹੋਇਆ। ਨਵੇਂ ਕਿਰਾਇਦਾਰ ਦੀ ਸਥਿਤੀ ਵਿਚ ਟੋਰੌਂਟੋ ਦੇ ਯੂਨਿਟ ਵਿਚ ਕਿਰਾਇਆ 29 % ਉੱਪਰ ਗਿਆ ਅਤੇ ਵੈਨਕੂਵਰ ਵਿਚ 24 % ਉੱਪਰ ਗਿਆ। ਫ਼ੈਡਰੇਸ਼ਨ ਔਫ਼ ਮੈਟਰੋ ਟੇਨੈਂਟਸ ਅਸੋਸੀਏਸ਼ਨ ਦੇ ਜੌਰਡੀ ਡੈਂਟ ਕਈ ਦਹਾਕਿਆਂ ਤੋਂ ਟੋਰੌਂਟੋ ਦੀ ਰੈਂਟਲ ਮਾਰਕੀਟ ਨਾਲ ਜੁੜੇ ਹਨ।
ਉਹਨਾਂ ਕਿਹਾ ਕਿ ਸ਼ਹਿਰ ਵਿਚ ਕਿਰਾਇਆਂ ਦੀ ਸਥਿਤੀ ਬੜੀ ਗੰਭੀਰ ਹੋਈ ਪਈ ਹੈ ਅਤੇ ਕਈ ਮਕਾਨਮਾਲਕ ਆਪਣੇ ਪੁਰਾਣੇ ਕਿਰਾਏਦਾਰਾਂ ਨੂੰ ਕੱਢਣ ਲਈ ਕਾਹਲੇ ਹਨ ਤਾਂ ਕਿ ਨਵੀਂ ਮਾਰਕੀਟ ਸਥਿਤੀ ਦੇ ਅਨੁਸਾਰ ਨਵੇਂ ਕਿਰਾਏਦਾਰਾਂ ਕੋਲੋਂ ਵਧੇਰੇ ਕਿਰਾਏ ਪ੍ਰਾਪਤ ਕਰ ਸਕਣ। ਉਹਨਾਂ ਕਿਹਾ ਕਿ ਉਹ ਰੋਜ਼ ਇਸ ਕਿਸਮ ਦੇ ਕਿੱਸੇ ਸੁਣ ਰਹੇ ਹਨ, ਜਿੱਥੇ ਲੋਕ ਸਿਰਫ਼ ਇਸ ਕਰਕੇ ਗ਼ੈਰ-ਅਨੁਕੂਲ ਥਾਂਵਾਂ ‘ਤੇ ਰਹਿਣ ਲਈ ਮਜਬੂਰ ਹਨ, ਕਿਉਂਕਿ ਜੇ ਉਹ ਜਗ੍ਹਾ ਛੱਡਦੇ ਹਨ ਤਾਂ ਨਵੀਂ ਕਿਰਾਏ ਦੀ ਥਾਂ ਉਹਨਾਂ ਨੂੰ 1000 ਡਾਲਰ ਪ੍ਰਤੀ ਮਹੀਨਾ ਤੱਕ ਮਹਿੰਗੀ ਮਿਲੇਗੀ।