ਭੋਜਨ ਕੀਮਤਾਂ ਵਿਚ ਸਥਿਰਤਾ ਲਿਆਉਣ ਦੇ ਰਾਹ ਲੱਭ ਰਹੀ ਹੈ ਫ਼ੈਡਰਲ ਸਰਕਾਰ
ਭੋਜਨ ਕੀਮਤਾਂ ਵਿਚ ਸਥਿਰਤਾ ਲਿਆਉਣ ਦੇ ਰਾਹ ਲੱਭਣ ਲਈ ਫ਼ੈਡਰਲ ਸਰਕਾਰ ਨੇ ਕੈਨੇਡਾ ਦੀਆਂ ਪੰਜ ਸਭ ਤੋਂ ਵੱਡੀਆਂ ਗ੍ਰੋਸਰੀ ਚੇਨਜ਼ ਦੇ ਉੱਚ-ਅਧਿਕਾਰੀਆਂ ਨਾਲ ਔਟਵਾ ਵਿਚ ਮੀਟਿੰਗ ਸੱਦੀ ਹੈ। ਫ਼ੈਡਰਲ ਇੰਡਸਟਰੀ ਮਿਨਿਸਟਰ, ਫ਼੍ਰੈਂਸੁਆ ਫ਼ਿਲਿਪ ਸ਼ੈਂਪੇਨ ਦੇ ਦਫਤਰ ਨੇ ਸੀਬੀਸੀ ਨਿਊਜ਼ ਨੂ ਦੱਸਿਆ ਕਿ ਲੌਬਲੌਜ਼, ਸੋਬੀਜ਼, ਮੈਟਰੋ, ਕੌਸਕੋ ਅਤੇ ਵੌਲਮਾਰਟ ਦੇ ਸੀਈਓਜ਼ ਨੂੰ ਸੋਮਵਾਰ ਨੂੰ ਵਿਅਕਤੀਗਤ ਤੌਰ ‘ਤੇ ਮੀਟਿੰਗ ਵਿਚ ਸ਼ਾਮਲ ਹੋਣ ਲਈ ਔਟਵਾ ਬੁਲਾਇਆ ਗਿਆ ਹੈ।
ਸ਼ੈਂਪੇਨ ਦੇ ਦਫਤਰ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਨੂੰ ਇਨ੍ਹਾਂ ਸੀਈਓਜ਼ ਨੂੰ ਸੱਦਾ ਪੱਤਰ ਭੇਜਿਆ ਗਿਆ ਸੀ, ਜਿਸ ਵੇਲੇ ਟਰੂਡੋ ਲੰਡਨ ਵਿਚ ਲਿਬਰਲ ਕੌਕਸ ਦੇ ਇਜਲਾਸ ਤੋਂ ਬਾਅਦ ਕਿਫ਼ਾਇਤ ਸਬੰਧੀ ਨਵੇਂ ਐਲਾਨ ਕਰ ਰਹੇ ਸਨ। ਟਰੂਡੋ ਨੇ ਵੀਰਵਾਰ ਨੂੰ ਕਿਹਾ ਸੀ, ਇਹ ਠੀਕ ਨਹੀਂ ਹੈ ਕਿ ਸਾਡੇ ਸਭ ਤੋਂ ਵੱਡੇ ਗ੍ਰੋਸਰੀ ਸਟੋਰ ਰਿਕਾਰਡ ਮੁਨਾਫਾ ਕਮਾ ਰਹੇ ਹਨ ਜਦ ਕਿ ਕੈਨੇਡੀਅਨਜ਼ ਭੋਜਨ ਲਈ ਸੰਘਰਸ਼ ਕਰ ਰਹੇ ਹਨ। ਮਹਿੰਗਾਈ ਅਤੇ ਕਿਫ਼ਾਇਤੀਪਣ ਦੀ ਘਾਟ ਨੂੰ ਲੈਕੇ ਕੰਜ਼ਰਵੇਟਿਵ ਪਾਰਟੀ ਲਿਬਰਲ ਸਰਕਾਰ ‘ਤੇ ਲਗਾਤਾਰ ਨਿਸ਼ਾਨਾ ਸਾਧਦੀ ਰਹੀ ਹੈ।
2015 ਵਿਚ ਟਰੂਡੋ ਸਰਕਾਰ ਦੇ ਪਹਿਲੀ ਵਾਰ ਸੱਤਾ ਸੰਭਾਲਣ ਤੋਂ ਬਾਅਦ ਮੌਜੂਦਾ ਓਪੀਨੀਅਨ ਪੋਲਜ਼ ਵਿਚ ਲਿਬਰਲਾਂ ਦੀ ਲੋਕਪ੍ਰੀਅਤਾ ਸਭ ਤੋਂ ਹੇਠਾਂ ਪਹੁੰਚੀ ਹੋਈ ਹੈ। ਲਿਬਰਲ ਐਮਪੀਜ਼ ਦੇ ਇਜਲਾਸ ਤੋਂ ਬਾਅਦ ਟਰੂਡੋ ਨੇ ਕਿਫ਼ਾਇਤੀ ਉਪਾਵਾਂ ਨਾਲ ਸਬੰਧਤ ਕਈ ਐਲਾਨ ਕੀਤੇ ਹਨ। ਟਰੂਡੋ ਨੇ ਚੇਤਾਵਨੀ ਦਿੱਤੀ, “ਜੇ ਗ੍ਰੋਸਰੀ ਮਾਲਕ ਥੈਂਕਸਗਿਵਿੰਗ ਤੱਕ ਭੋਜਨ ਕੀਮਤਾਂ ਵਿਚ ਸਥਿਰਤਾ ਲਿਆਉਣ ਦੀਆਂ ਯੋਜਨਾਵਾਂ ਤਿਆਰ ਕਰਨ ਵਿੱਚ ਅਸਮਰੱਥ ਹੁੰਦੇ ਹਨ, ਤਾਂ ਅਸੀਂ ਕਾਰਵਾਈ ਕਰਾਂਗੇ ਅਤੇ ਅਸੀਂ ਟੈਕਸ ਉਪਾਵਾਂ ਸਮੇਤ ਕਿਸੇ ਵੀ ਉਪਾਅ ਤੋਂ ਇਨਕਾਰ ਨਹੀਂ ਕਰ ਰਹੇ ਹਾਂ।”