ਮਹਿੰਗਾਈ ਨੂੰ ਹੇਠਾਂ ਲਿਆਉਣਾ ਹੋਇਆ ਮੁਸ਼ਕਿਲ: ਮੈਕਲਮ
ਬੈਂਕ ਔਫ਼ ਕੈਨੇਡਾ ਦੇ ਗਵਰਨਰ ਟਿਫ਼ ਮੈਕਲਮ ਦਾ ਕਹਿਣਾ ਹੈ ਕਿ ਵਿੱਤੀ ਨੀਤੀ ਅਤੇ ਮੁਦਰਾ ਨੀਤੀ ਉਲਟ ਦਿਸ਼ਾਵਾਂ ਵੱਲ ਨੂੰ ਚੱਲ ਰਹੀਆਂ ਹਨ, ਜਿਸ ਕਰਕੇ ਮਹਿੰਗਾਈ ਨੂੰ ਹੇਠਾਂ ਲਿਆਉਣਾ ਮੁਸ਼ਕਿਲ ਹੋ ਰਿਹਾ ਹੈ। ਬੈਂਕ ਔਫ਼ ਕੈਨੇਡਾ ਦੇ ਹਾਲੀਆ ਵਿਆਜ ਦਰਾਂ ਦੇ ਫ਼ੈਸਲੇ ਅਤੇ ਤਿਮਾਹੀ ਆਰਥਿਕ ਅਨੁਮਾਨਾਂ ਤੋਂ ਬਾਅਦ ਮੈਕਲਮ ਸੋਮਵਾਰ ਨੂੰ ਹਾਊਸ ਔਫ਼ ਕੌਮਨਜ਼ ਦੀ ਵਿੱਤ ਕਮੇਟੀ ਦੇ ਪਾਰਲੀਮੈਂਟਰੀ ਮੈਂਬਰਾਂ ਅੱਗੇ ਪੇਸ਼ ਹੋਏ।
ਕੰਜ਼ਰਵੇਟਿਵ ਐਮਪੀ ਜਸਰਾਜ ਸਿੰਘ ਹੱਲਨ ਦੇ ਸਵਾਲ ਦੇ ਜਵਾਬ ਵਿੱਚ, ਮੈਕਲਮ ਨੇ ਕਿਹਾ ਕਿ ਸਰਕਾਰੀ ਖ਼ਰਚੇ ਮਹਿੰਗਾਈ ਨੂੰ ਘਟਾਉਣ ਲਈ ਕੇਂਦਰੀ ਬੈਂਕ ਦੇ ਯਤਨਾਂ ਦੇ ਉਲਟ ਦਿਸ਼ਾ ਵੱਲ ਕੰਮ ਕਰ ਰਹੇ ਹਨ। ਗਵਰਨਰ ਨੇ ਕਿਹਾ ਕਿ ਫ਼ੈਡਰਲ ਅਤੇ ਸੂਬਾਈ ਬਜਟ ਦੇ ਅਨੁਸਾਰ, ਅਗਲੇ ਸਾਲ ਵਿੱਚ ਸਰਕਾਰ ਦੇ ਕੁਲ ਖ਼ਰਚ ਵਿਚ ਆਰਥਿਕਤਾ ਵਿੱਚ ਹੁੰਦੀ ਸਪਲਾਈ ਨਾਲੋਂ ਤੇਜ਼ ਵਾਧਾ ਹੋਵੇਗਾ, ਜਿਸ ਨਾਲ ਮਹਿੰਗਾਈ ਉੱਤੇ ਦਬਾਅ ਵਧੇਗਾ।
ਮੈਕਲਮ ਨੇ ਕਿਹਾ, ਇਹ ਮਦਦਗਾਰ ਹੁੰਦਾ ਜੇਕਰ ਮੁਦਰਾ ਅਤੇ ਵਿੱਤੀ ਨੀਤੀ ਇੱਕੋ ਦਿਸ਼ਾ ਵਿੱਚ ਚੱਲ ਰਹੀਆਂ ਹੁੰਦੀਆਂ। ਪਰ ਨਾਲ ਹੀ ਗਵਰਨਰ ਨੇ ਕਿਹਾ ਕਿ ਕੈਨੇਡਾ ਦੇ ਵਿੱਤੀ ਪੱਖ ਦੀ ਦੂਸਰੇ ਦੇਸ਼ਾਂ ਨਾਲ ਤੁਲਨਾ ਕਰਨਾ ਵੀ ਮਹੱਤਵਪੂਰਨ ਹੈ। ਮੈਕਲਮ ਨੇ ਕਿਹਾ, ਤੁਹਾਨੂੰ ਕੈਨੇਡਾ ਦੀ ਦੂਸਰੇ ਦੇਸ਼ਾਂ ਨਾਲ ਤੁਲਨਾ ਕਰਨੀ ਪਵੇਗੀ। ਕੈਨੇਡਾ ਦਾ ਘਾਟਾ-ਜੀਡੀਪੀ ਅਨੁਪਾਤ ਜੀ-7 ਦੇਸ਼ਾਂ ਵਿੱਚ ਸਭ ਤੋਂ ਘੱਟ ਹੈ। ਮਾਰਚ 2022 ਤੋਂ, ਬੈਂਕ ਔਫ਼ ਕੈਨੇਡਾ ਨੇ ਖ਼ਰਚਿਆਂ ਨੂੰ ਰੋਕਣ ਅਤੇ ਮਹਿੰਗਾਈ ਨੂੰ ਘਟਾਉਣ ਲਈ ਤੇਜ਼ੀ ਨਾਲ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ।
ਆਰਥਿਕਤਾ ਵਿਚ ਕੁਝ ਝੁਕਾਅ ਦੇ ਮੱਦੇਨਜ਼ਰ, ਬੈਂਕ ਔਫ਼ ਕੈਨੇਡਾ ਨੇ ਪਿਛਲੇ ਹਫ਼ਤੇ ਆਪਣੀ ਵਿਆਜ ਦਰ ਨੂੰ ਪੰਜ ਪ੍ਰਤੀਸ਼ਤ ‘ਤੇ ਬਰਕਰਾਰ ਰੱਖਿਆ ਹੈ, ਪਰ ਮਹਿੰਗਾਈ ਉੱਚੀ ਰਹਿਣ ‘ਤੇ ਵਿਆਜ ਦਰਾਂ ਵਿੱਚ ਹੋਰ ਵਾਧੇ ਲਈ ਦਰਵਾਜ਼ਾ ਵੀ ਖੁੱਲ੍ਹਾ ਛੱਡਿਆ ਹੈ। ਬੈਂਕ ਔਫ਼ ਕੈਨੇਡਾ ਨੂੰ ਦੇਸ਼ ਦੀ ਸਾਲਾਨਾ ਮਹਿੰਗਾਈ ਦਰ, ਜੋ ਕਿ ਸਤੰਬਰ ਵਿੱਚ 3.8 ਫ਼ੀਸਦੀ ਸੀ, ਦੇ 2025 ਵਿੱਚ 2 ਫੀਸਦੀ ‘ਤੇ ਆਉਣ ਦੀ ਉਮੀਦ ਹੈ।