ਸਸਕੈਚਵਨ ਨੂੰ ਹਰ ਪ੍ਰਵਾਸੀ ਦੀ ਪਹਿਲੀ ਪਸੰਦ ਬਣਾਉਣ ਦਾ ਇਰਾਦਾ: ਇਮੀਗ੍ਰੇਸ਼ਨ ਮੰਤਰੀ ਹੈਰੀਸਨ
ਸਸਕੈਚਵਨ ਦੇ ਇਮੀਗ੍ਰੇਸ਼ਨ ਮਨਿਸਟਰ ਜੈਰੇਮੀ ਹੈਰੀਸਨ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਕੈਨੇਡਾ ਆਉਣ ਵਾਲੇ ਹਰ ਇਮੀਗ੍ਰੈਂਟ ਦੀ ਪਹਿਲੀ ਪਸੰਦ ਸਸਕੈਚਵਨ ਹੋਵੇ । ਮਨਿਸਟਰ ਜੈਰੇਮੀ ਹੈਰੀਸਨ ਨੇ ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਖਾਸ ਗੱਲਬਾਤ ਦੌਰਾਨ ਕਿਹਾ ਕਿ ਉਹ ਇਹ ਯਕੀਨੀ ਬਣਾਉਣ ‘ਤੇ ਕੰਮ ਕਰ ਰਹੇ ਹਨ ਕਿ ਪ੍ਰੋਵਿੰਸ ਵਿੱਚ ਆਉਣ ਵਾਲੇ ਨਵੇਂ ਇਮੀਗ੍ਰੈਂਟਸ ਕੋਲ ਅਥਾਹ ਸੰਭਾਵਨਾਂ ਮੌਜੂਦ ਹੋਣ।
ਉਨ੍ਹਾਂ ਕਿਹਾ,”ਸਸਕੈਚਵਨ ਦਾ ਪ੍ਰੋਵਿੰਸ਼ੀਅਲ ਨੌਮਿਨੀ ਪ੍ਰੋਗਰਾਮ ਪੂਰੇ ਦੇਸ਼ ਦੇ ਪ੍ਰੋਗਰਾਮਾਂ ਵਿੱਚੋਂ ਇਕ ਬਿਹਤਰੀਨ ਪ੍ਰੋਗਰਾਮ ਹੈ। ਸਾਡੇ ਪ੍ਰੋਗਰਾਮ ਨੂੰ ਹੋਰਨਾਂ ਪ੍ਰੋਵਿੰਸਜ਼ ਵੱਲੋਂ ਅਪਣਾਇਆ ਗਿਆ ਹੈ। ਸਾਡੇ ਪ੍ਰੋਗਰਾਮ ਨੇ ਪੂਰੇ ਵਿਸ਼ਵ ‘ਚੋਂ ਇਮੀਗ੍ਰੈਂਟਸ ਨੂੰ ਆਕਰਸ਼ਿਤ ਕੀਤਾ ਹੈ। ਅਸੀਂ ਆਪਣੇ ਪ੍ਰੋਗਰਾਮ ਵਿੱਚ ਵਾਧਾ ਕਰਨ ਲਈ ਲਗਾਤਾਰ ਮੰਗ ਕਰ ਰਹੇ ਸੀ ਅਤੇ ਫ਼ੈਡਰਲ ਸਰਕਾਰ ਵੱਲੋਂ ਹਾਲ ਵਿੱਚ ਹੀ ਪ੍ਰੋਗਰਾਮ ਅਧੀਨ ਨੌਮੀਨੇਸ਼ਨਜ਼ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਹੈ।”
ਪ੍ਰੋਵਿੰਸ ਦੀ ਆਬਾਦੀ ਵਿੱਚ ਰਿਕਾਰਡ ਪੱਧਰ ‘ਤੇ ਵਾਧਾ ਹੋ ਰਿਹਾ ਹੈ। ਭਾਰਤ ਤੋਂ ਵੱਡੀ ਪੱਧਰ ‘ਤੇ ਪ੍ਰਵਾਸੀ ਸਸਕੈਚਵਨ ਆ ਰਹੇ ਹਨ । 2018 ਤੋਂ 2022 ਅਨੁਸਾਰ 71,394 ਇਮੀਗ੍ਰੈਂਟਸ ਪ੍ਰੋਵਿੰਸ ਵਿੱਚ ਆਏ ਹਨ ਅਤੇ ਇਸ ਸਮੇਂ ਦੌਰਾਨ ਭਾਰਤੀ ਮੂਲ ਦੇ ਇਮੀਗ੍ਰੈਂਟਸ ਦੀ ਗਿਣਤੀ 20,162 ਹੈ। ਪ੍ਰੋਵਿੰਸ ਨੂੰ ਆ ਰਹੀਆਂ ਅਰਜ਼ੀਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜੋ ਪ੍ਰੋਗਰਾਮ ਦੀ ਲੋਕਪ੍ਰਿਯਤਾ ਨੂੰ ਦਰਸਾਉਂਦਾ ਹੈ ।
ਮਨਿਸਟਰ ਜੈਰੇਮੀ ਹੈਰੀਸਨ ਨੇ ਕਿਹਾ ,”ਅਸੀਂ ਆਉਣ ਵਾਲੇ ਇਮੀਗ੍ਰੈਂਟਸ ਨੂੰ ਬਣਾਈ ਰੱਖਣ ਲਈ ਨੌਕਰੀਆਂ ਦੇ ਵਧੇਰੇ ਮੌਕੇ ਪੈਦਾ ਕਰਨ ਉੱਪਰ ਜ਼ੋਰ ਦੇ ਰਹੇ ਹਾਂ। ਅਸੀਂ ਪ੍ਰੋਵਿੰਸ ਵਿੱਚ ਆਉਣ ਦੇ ਚਾਹਵਾਨ ਪ੍ਰਵਾਸੀਆਂ ਦਾ ਦਿਲ ਖੋਲ ਕੇ ਸਵਾਗਤ ਕਰ ਰਹੇ ਹਾਂ। ਲੰਘੇ ਸਾਲ ਸਸਕੈਚਵਨ ਨੇ ਕਰੀਬ 6 ਹਜ਼ਾਰ ਵਿਅਕਤੀਆਂ ਨੂੰ ਨੌਮੀਨੇਸ਼ਨਜ਼ ਦਿੱਤੀਆਂ। ਇਸ ਸਾਲ ਸਸਕੈਚਵਨ ਦੇ ਪ੍ਰੋਵਿੰਸ਼ੀਅਲ ਨੌਮਿਨੀ ਪ੍ਰੋਗਰਾਮ ਵਿੱਚ 7250 ਅਤੇ ਆਉਂਦੇ 2 ਵਰ੍ਹਿਆਂ ਦੌਰਾਨ 8500 ਨੌਮੀਨੇਸ਼ਨਜ਼ ਦਿੱਤੀਆਂ ਜਾਣਗੀਆਂ।”