BC ਦੇ ਪ੍ਰਮੁੱਖ ਸ਼ਹਿਰਾਂ ‘ਚ ਮੇਅਰ ਦੇ ਅਹੁਦੇ ਲਈ ਕਈ ਪੰਜਾਬੀ ਆਏ ਚੋਣ ਮੈਦਾਨ ‘ਚ
ਬ੍ਰਿਟਿਸ਼ ਕੋਲੰਬੀਆ ਵਿੱਚ ਹੋ ਰਹੀਆਂ ਮਿਉਂਸਿਪਲ ਚੋਣਾਂ ਦੌਰਾਨ ਭਾਰਤੀ ਮੂਲ ਦੇ ਉਮੀਦਵਾਰ ਵੱਡੀ ਪੱਧਰ ‘ਤੇ ਆਪਣੀ ਕਿਸਮਤ ਅਜ਼ਮਾ ਰਹੇ ਹਨ । ਸਰੀ , ਡੈਲਟਾ ਅਤੇ ਐਬਟਸਫੋਰਡ ਸ਼ਹਿਰਾਂ ਵਿੱਚ ਪੰਜਾਬੀ ਮੂਲ ਦੇ 6 ਉਮੀਦਵਾਰ ਮੇਅਰ ਦੀ ਚੋਣ ਲੜ ਰਹੇ ਹਨ। ਸਰੀ ਸ਼ਹਿਰ ਵਿੱਚ ਪੰਜਾਬੀ ਮੂਲ ਦੇ 4 ਉਮੀਦਵਾਰ ਹਨ।
ਪੰਜਾਬੀ ਮੂਲ ਦੇ ਸੁੱਖ ਧਾਲੀਵਾਲ , ਜੋ ਕਿ ਸਰੀ ਤੋਂ 6 ਵਾਰ ਐਮ ਪੀ ਚੁਣੇ ਜਾ ਚੁੱਕੇ ਹਨ , ਅਤੇ ਇਸ ਸਮੇਂ ਵੀ ਸਰੀ ਨਿਊਟਨ ਰਾਈਡਿੰਗ ਤੋਂ ਸੱਤਾਧਾਰੀ ਲਿਬਰਲ ਪਾਰਟੀ ਦੇ ਐਮ ਪੀ ਹਨ , ਸਰੀ ਦੇ ਮੇਅਰ ਲਈ ਚੋਣ ਮੈਦਾਨ ਵਿੱਚ ਹਨ ।
ਧਾਲੀਵਾਲ ਘਰ ਬਣਾਉਣ ਅਤੇ ਰੈਨੋਵੇਸ਼ਨ ਆਦਿ ਲਈ ਅਰਜ਼ੀ ਦੀ ਪ੍ਰੋਸੈਸਿੰਗ ਵਿੱਚ ਤੇਜ਼ੀ ਲਿਆਉਣ ਦਾ ਵਾਅਦਾ ਕਰਦੇ ਹਨ । ਸੁਖ ਧਾਲੀਵਾਲ ਨੇ ਕਿਹਾ ਮੇਅਰ ਚੁਣੇ ਜਾਣ ‘ਤੇ ਅਸੀਂ ਇਕ ਵਧੀਆ ਪ੍ਰਬੰਧ ਦੇਵਾਂਗੇ ।
ਇਸਤੋਂ ਇਲਾਵਾ ਸੁਖ ਧਾਲੀਵਾਲ ਇਕ ਸਾਲ ਲਈ ਟੈਕਸ ਫ੍ਰੀਜ਼ ਕਰਨ , ਫ਼ੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰਾਂ ਨਾਲ ਲਗਾਤਾਰ ਮੀਟਿੰਗਾਂ ਕਰਨ ਅਤੇ ਲੰਘੇ 4 ਸਾਲਾਂ ਦੌਰਾਨ ਹੋਏ ਕੰਮਾਂ ਦਾ ਆਡਿਟ ਕਰਾਉਣ ਦੀ ਗੱਲ ਆਖ ਕੇ ਵੋਟ ਦੀ ਮੰਗ ਕਰ ਰਹੇ ਹਨ । ਧਾਲੀਵਾਲ ਦੀ ਸਲੇਟ ਦਾ ਨਾਮ ਯੂਨਾਈਟਡ ਸਰੀ ਹੈ ।
ਪੰਜਾਬੀ ਮੂਲ ਦੀ ਐਨ ਡੀ ਪੀ ਦੀ ਮੌਜੂਦਾ ਐਮ ਐਲ ਏ, ਜਿਨੀ ਸਿਮਜ਼ ਵੀ ਸਰੀ ਮੇਅਰ ਦੀ ਚੋਣ ਲੜ ਰਹੇ ਹਨ । ਜਿਨੀ ਸਿਮਜ਼, ਜੋ ਕਿ ਸਰੀ ਫ਼ਾਰਵਰਡ ਸਲੇਟ ਹੇਠ ਚੋਣ ਲੜ ਰਹੇ ਹਨ , ਸ਼ਹਿਰ ਵਿੱਚ ਪਾਰਦਰਸ਼ਤਾ ਲਿਆਉਣ ਦਾ ਦਾਅਵਾ ਕਰਦੇ ਹਨ ।
ਸਿਮਜ਼ ਦਾ ਕਹਿਣਾ ਹੈ ਕਿ ਉਹ ਚੁਣੇ ਜਾਣ ‘ਤੇ ਸ਼ਹਿਰ ਵਿੱਚ ਟ੍ਰਾਂਜ਼ਿਟ ਅਤੇ ਵਧੇਰੇ ਤਨਖ਼ਾਹ ਵਾਲੀਆਂ ਨੌਕਰੀਆਂ ਪੈਦਾ ਕਰਨਗੇ।
ਸਰੀ ਵਿੱਚ ਪੰਜਾਬੀ ਮੂਲ ਦੇ ਕੁਲਦੀਪ ਪੇਲੀਆ ਅਤੇ ਅੰਮ੍ਰਿਤ ਸਿੰਘ ਵੜਿੰਗ ਵੀ ਚੋਣ ਮੈਦਾਨ ਵਿੱਚ ਹਨ। ਸਰੀ ਵਿੱਚ ਕੁੱਲ 8 ਮੇਅਰ ਉਮੀਦਵਾਰ ਹਨ ।