Indigenous ਪਿਛੋਕੜ ਤੋਂ RCMP ਕਮਿਸ਼ਨਰ ਨਿਯੁਕਤ ਕਰਨਾ ‘ਸ਼ਾਨਦਾਰ ਵਿਚਾਰ’: Trudeau
ਇੱਕ ਨਿਊਜ਼ ਕਾਨਫ਼੍ਰੰਸ ਦੌਰਾਨ ਟਰੂਡੋ ਨੂੰ ਪਹਿਲੀ ਵਾਰੀ ਇੱਕ ਮੂਲਨਿਵਾਸੀ ਕਮਿਸ਼ਨਰ ਨਿਯੁਕਤ ਕਰਨ ਬਾਰੇ ਸਵਾਲ ਪੁੱਛਿਆ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ RCMP ਕਮਿਸ਼ਨਰ ਲਈ ਕਿਸੇ ਮੂਲਨਿਵਾਸੀ ਪਿਛੋਕੜ ਦੇ ਵਿਅਕਤੀ ਨੂੰ ਨਿਯੁਕਤ ਕਰਨਾ ਇੱਕ ‘ਸ਼ਾਨਦਾਰ ਵਿਚਾਰ’ ਹੈ। ਦਰਅਸਲ ਇਸ ਵਿਚਾਰ ਦੇ ਸਮਰਥਕ ਇਸ ਨੂੰ ਪੁਲਿਸ ਅਤੇ ਮੂਲਨਿਵਾਸੀ ਭਾਈਚਾਰਿਆਂ ਵਿਚਕਾਰ ਕਦੇ-ਕਦੇ ਤਣਾਅਪੂਰਨ ਹੋ ਜਾਣ ਵਾਲੇ ਰਿਸ਼ਤਿਆਂ ਨੂੰ ਠੀਕ ਕਰਨ ਦੇ ਤਰੀਕੇ ਵੱਜੋਂ ਦੇਖਦੇ ਹਨ। ਟਰੂਡੋ ਨੇ ਕਿਹਾ, “ਮੈਨੂੰ ਲਗਦਾ ਹੈ ਕਿ ਇਹ ਇੱਕ ਸ਼ਾਨਦਾਰ ਵਿਚਾਰ ਹੈ, ਸਾਨੂੰ ਹੋਰ ਵਿਭਿੰਨਤਾ ਵੱਲ ਧਿਆਨ ਦੇਣਾ ਚਾਹੀਦਾ ਹੈ, ਸਾਨੂੰ ਉਨ੍ਹਾਂ ਸੰਸਥਾਵਾਂ ਦੀ ਅਗਵਾਈ ਕਰਨ ਲਈ ਮੂਲਨਿਵਾਸੀਆਂ ਨੂੰ ਅੱਗੇ ਲਿਆਉਣ ਵੱਲ ਧਿਆਨ ਦੇਣਾ ਚਾਹੀਦਾ ਹੈ।”
RCMP ਦੇ ਅੰਦਰ ਮੂਲਨਿਵਾਸੀ ਪ੍ਰਤੀਨਿਧਤਾ ਪਿਛਲੇ ਦਹਾਕੇ ਤੋਂ ਹੌਲੀ ਹੌਲੀ ਘਟ ਰਹੀ ਹੈ। ਇਸਦਾ ਮਤਲਬ ਹੈ ਕਿ RCMP ਦੇ ਅੰਦਰ ਮੂਲਨਿਵਾਸੀ ਉਮੀਦਵਾਰ ਜਿਆਦਾ ਗਿਣਤੀ ‘ਚ ਨਹੀਂ ਹਨ। 2021 ਦੇ ਅੰਕੜਿਆਂ ਅਨੁਸਾਰ ਆਰਸੀਐਮਪੀ ਦੇ ਰੈਗੁਲਰ ਮੈਂਬਰਾਂ ਚੋਂ 7 ਪ੍ਰਤੀਸ਼ਤ ਮੂਲਨਿਵਾਸੀ ਸਨ। ਆਰਸੀਐਮਪੀ ਮੁਲਾਜ਼ਮਾਂ ਦੀ ਪਛਾਣ ਦੀ ਗੁਪਤਤਾ ਦਾ ਹਵਾਲਾ ਦਿੰਦਿਆਂ, ਆਪਣੇ ਉੱਚ ਰੈਂਕ ਵਿਚ ਔਰਤਾਂ, ਨਸਲੀ ਲੋਕਾਂ, ਜਾਂ ਮੂਲਨਿਵਾਸੀ ਲੋਕਾਂ ਦੀ ਗਿਣਤੀ ਬਾਰੇ ਡਾਟਾ ਪ੍ਰਕਾਸ਼ਿਤ ਨਹੀਂ ਕਰਦੀ।