ਪੰਜਾਬ ‘ਚ ਠੰਡ ਨੇ ਤੋੜੇ ਪਿਛਲੇ 50 ਸਾਲ ਦੇ ਰਿਕਾਰਡ; ਰੈੱਡ ਅਲਰਟ ਜਾਰੀ
ਪੰਜਾਬ ‘ਚ ਹੱਡ ਜਮਾ ਦੇਣ ਵਾਲੀ ਠੰਡ ਨੇ ਪਿਛਲੇ 50 ਸਾਲਾਂ ਦੇ ਸਾਰੇ ਰਿਕਾਰਡ ਤੋੜ ਛੱਡੇ ਹਨ। ਕੜਾਕ ਦੇ ਠੰਡ ਦੌਰਾਨ ਲੋਕਾਂ ਦਾ ਘਰੋਂ ਨਿਕਲਣਾ ਔਖਾ ਹੋ ਗਿਆ ਹੈ ਅਤੇ ਸੰਘਣੀ ਧੁੰਦ ਨੇ ਕਹਿਰ ਮਚਾਇਆ ਹੋਇਆ ਹੈ। ਮੌਸਮ ਵਿਭਾਗ ਵੱਲੋਂ ਅੱਜ ਦੇ ਦਿਨ ਲਈ ਠੰਡ ਦਾ ਰੈੱਡ ਅਲਰਟ, ਜਦੋਂ ਕਿ ਆਉਣ ਵਾਲੇ 2 ਦਿਨਾਂ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਕੜਾਕੇ ਦੀ ਠੰਡ ਨਾਲ ਸੰਘਣੀ ਧੁੰਦ ਪੈਣ ਦੇ ਆਸਾਰ ਹਨ ਅਤੇ ਤਾਪਮਾਨ ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ ਹੈ, ਜਿਸ ਨੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ 14 ਜਨਵਰੀ ਵਾਲੇ ਦਿਨ ਵੱਧ ਤੋਂ ਵੱਧ ਤਾਪਮਾਨ 10.8 ਡਿਗਰੀ ਦਰਜ ਕੀਤਾ ਗਿਆ ਹੈ, ਜੋ ਕਿ ਪਿਛਲੇ 50 ਸਾਲਾਂ ‘ਚ ਦੂਜੀ ਵਾਰ ਸਭ ਤੋਂ ਹੇਠਾਂ ਜਾਣ ਵਾਲਾ ਤਾਪਮਾਨ ਹੈ। ਇਸ ਤੋਂ ਇਲਾਵਾ ਅੱਜ ਦਾ ਘੱਟੋ-ਘੱਟ ਤਾਪਮਾਨ 2.4 ਡਿਗਰੀ ਦੇ ਨੇੜੇ ਰਿਕਾਰਡ ਕੀਤਾ ਗਿਆ ਹੈ, ਜੋ ਕਿ ਆਪਣੇ ਆਪ ‘ਚ ਠੰਡ ਦਰਸਾਉਂਦਾ ਹੈ। ਆਉਣ ਵਾਲੇ ਦਿਨਾਂ ‘ਚ ਫਿਲਹਾਲ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ ਹੈ ਅਤੇ ਠੰਡ ਅਤੇ ਸੰਘਣੀ ਧੁੰਦ ਦਾ ਕਹਿਰ ਇਸ ਤਰ੍ਹਾਂ ਹੀ ਜਾਰੀ ਰਹੇਗਾ।