GTA News Media

Top Info Bar
22.1°C Toronto Loading date...
Punjab

ਕਪੂਰਥਲਾ ਪੁਲਿਸ ਹੁਣ ਕਿਵੇਂ ਜਾਗੀ, ਬਰਜਿੰਦਰ ਪਰਵਾਨਾ ਨੂੰ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ : ਜਥੇਦਾਰ ਪੰਜੋਲੀ

ਕਪੂਰਥਲਾ ਪੁਲਿਸ ਹੁਣ ਕਿਵੇਂ ਜਾਗੀ, ਬਰਜਿੰਦਰ ਪਰਵਾਨਾ ਨੂੰ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ : ਜਥੇਦਾਰ ਪੰਜੋਲੀ
Share this post via:

ਪੁਰਾਣੇ ਕੇਸਾਂ ਨੂੰ ਖੰਗਾਲਕੇ ਮਾਮਲੇ ਨੂੰ ਉਲਝਾਉਣਾ ਪੁਲਿਸ ਦੀ ਨਿੰਦਣਯੋਗ ਕਾਰਵਾਈ
ਪਟਿਆਲਾ- ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਪਟਿਆਲਾ ਹਿੰਸਾ ’ਚ ਪੁਲਿਸ ਪ੍ਰਸ਼ਾਸਨ ਵੱਲੋਂ ਗਿ੍ਰਫਤਾਰ ਕੀਤੇ ਗਏ ਬਰਜਿੰਦਰ ਸਿੰਘ ਪਰਵਾਨਾ ਨੂੰ ਪੁਰਾਣੇ ਵੱਖ ਵੱਖ ਕੇਸਾਂ ’ਚ ਉਲਝਾਏ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਸਿੱਖ ਨੌਜਵਾਨਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰਨਾ ਚਾਹੀਦਾ ਹੈ। ਜਥੇਦਾਰ ਪੰਜੋਲੀ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਟਿਆਲਾ ਹਿੰਸਾ ਨੂੰ ਲੈ ਕੇ ਜਿਥੇ ਮੰਦਭਾਗੀ ਘਟਨਾ ਦੀ ਨਿੰਦਾ ਕੀਤੀ ਗਈ ਸੀ, ਉਥੇ ਹੀ ਇਸ ਘਟਨਾ ’ਚ ਸ਼ਾਮਲ ਭਾਵੇਂ ਬਰਜਿੰਦਰ ਸਿੰਘ ਪਰਵਾਨਾ ਅਤੇ ਹਰੀਸ਼ ਸਿੰਗਲਾ ਨੂੰ ਗਿ੍ਰਫਤਾਰ ਕੀਤਾ ਗਿਆ ਅਤੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ, ਪ੍ਰੰਤੂ ਹੁਣ ਕਪੂਰਥਲਾ ਪੁਲਿਸ ਵੱਲੋਂ ਬਰਜਿੰਦਰ ਸਿੰਘ ਪਰਵਾਨਾ ਨੂੰ ਪੁਲਿਸ ਰਿਮਾਂਡ ’ਤੇ ਲੈ ਕੇ ਜਾਣਾ ਨਿੰਦਣਯੋਗ ਕਾਰਵਾਈ ਹੈ। ਜਥੇਦਾਰ ਪੰਜੋਲੀ ਨੇ ਕਿਹਾ ਕਿ ਇਸ ਮਾਮਲੇ ਨੂੰ ਠੰਡਾ ਕਰਨ ਲਈ ਪੁਲਿਸ ਨੂੰ ਆਪਣੀ ਭੂਮਿਕਾ ਅਦਾ ਕਰਨ ਦੀ ਲੋੜ ਹੈ ਅਤੇ ਭੜਕਾਹਟ ਪੈਦਾ ਕਰਨ ਦਾ ਯਤਨ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਵਿਚ ਪੰਜਾਬ ਨੇ ਲੰਮਾ ਸਮਾਂ ਸੰਤਾਪ ਭੋਗਿਆ ਹੈ, ਪ੍ਰੰਤੂ ਹੁਣ ਕੋਈ ਵੀ ਨਹੀਂ ਚਾਹੁੰਦਾ ਕਿ ਪੰਜਾਬ ਵਿਚ ਆਪਸੀ ਭਾਈਚਾਰੇ ਵਿਚ ਮੁੜ ਤੋਂ ਤਣਾਅ ਪੈਦਾ ਹੋਵੇ। ਜਥੇਦਾਰ ਪੰਜੋਲੀ ਨੇ ਕਿਹਾ ਕਿ ਕਪੂਰਥਲਾ ਪੁਲਿਸ ਹੁਣ ਕਿਉਂ ਜਾਗੀ ਹੈ? ਜਦਕਿ ਕਪੂਰਥਲਾ ਵਿਖੇ ਵਾਪਰੀ ਘਟਨਾ ਨੂੰ ਸੱਤ ਅੱਠ ਮਹੀਨੇ ਲੰਘ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਪਟਿਆਲਾ ਹਿੰਸਾ ਮਾਮਲੇ ’ਚ ਬਰਜਿੰਦਰ ਸਿੰਘ ਪਰਵਾਨਾ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਉਸ ਤੋਂ ਬਾਅਦ ਕਪੂਰਥਲਾ ਪੁਲਿਸ ਵੱਲੋਂ ਪੁਰਾਣੇ ਕੇਸਾਂ ਨੂੰ ਖੰਗਾਲਕੇ ਮਾਮਲੇ ਨੂੰ ਉਲਝਾਉਣਾ ਪੁਲਿਸ ਦੀ ਨਿੰਦਣਯੋਗ ਕਾਰਵਾਈ। ਜਥੇਦਾਰ ਪੰਜੋਲੀ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਡੀ.ਜੀ.ਪੀ. ਪੰਜਾਬ ਤੋਂ ਮੰਗ ਕੀਤੀ ਹੈ ਕਿ ਸਿੱਖ ਆਗੂ ਬਰਜਿੰਦਰ ਸਿੰਘ ਪਰਵਾਨਾ ਦੇ ਮਾਮਲੇ ’ਚ ਪਾਰਦਰਸ਼ਤਾ ਨਾਲ ਕਾਰਵਾਈ ਲਈ ਯੋਗ ਕਦਮ ਉਠਾਏ ਜਾਣ ਅਤੇ ਜਾਣ ਬੁੱਝ ਕੇ ਪੁਰਾਣੇ ਕੇਸਾਂ ਨੂੰ ਆਧਾਰ ਬਣਾਕੇ ਖੱਜਲ ਖੁਆਰੀ ਬੰਦ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਅਤੇ ਬਰਜਿੰਦਰ ਸਿਘ ਪਰਵਾਨਾ ਦੀ ਪਤਨੀ ਰਮਨਦੀਪ ਕੌਰ ਅਤੇ ਪਰਿਵਾਰ ਮੈਂਬਰ ਸ਼ਾਮਲ ਸਨ।