ਅਮਰੀਕਾ ‘ਚ ਭਾਰਤੀ ਮੂਲ ਦੇ ਪੁਲਾੜ ਯਾਤਰੀ ਨੂੰ ਮਿਲੇਗਾ ਵੱਡਾ ਅਹੁਦਾ
ਅਮਰੀਕਾ ਵਿੱਚ ਭਾਰਤੀ ਮੂਲ ਦੇ ਪੁਲਾੜ ਯਾਤਰੀ ਰਾਜਾ ਜੇ ਚਾਰੀ ਨੂੰ ਵੱਡਾ ਅਹੁਦਾ ਮਿਲਣ ਜਾ ਰਿਹਾ ਹੈ। ਉਨ੍ਹਾਂ ਨੂੰ ਰਾਸ਼ਟਰਪਤੀ ਜੋਅ ਬਾਇਡਨ ਨੇ ਹਵਾਈ ਫ਼ੌਜ ਦੇ ਬ੍ਰਿਗੇਡੀਅਰ ਜਨਰਲ ਅਹੁਦੇ ਲਈ ਨਾਮਜ਼ਦ ਕੀਤਾ ਹੈ। ਹਾਲਾਂਕਿ ਉਨ੍ਹਾਂ ਦੀ ਨਾਮਜ਼ਦਗੀ ਲਈ ਸੈਨੇਟ ਦੀ ਮਨਜ਼ੂਰੀ ਲੈਣੀ ਪਏਗੀ। ਬ੍ਰਿਗੇਡੀਅਰ ਜਨਰਲ ਸੰਯੁਕਤ ਰਾਜ ਦੀ ਹਵਾਈ ਫ਼ੌਜ ਵਿੱਚ ਇੱਕ ਸਟਾਰ ਜਨਰਲ ਅਫਸਰ ਰੈਂਕ ਹੈ। ਇਹ ਕਰਨਲ ਤੋਂ ਉੱਪਰ ਅਤੇ ਮੇਜਰ ਜਨਰਲ ਤੋਂ ਹੇਠਾਂ ਹੈ।
45 ਸਾਲ ਦੇ ਕਰਨਲ ਰਾਜਾ ਜੇ ਚਾਰੀ ਮੌਜੂਦਾ ਸਮੇਂ ਨੈਸ਼ਨਲ ਏਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ, ਜੌਨਸਨ ਸਪੇਸ ਸੈਂਟਰ ਟੈਕਸਾਸ ਵਿਖੇ ਕਰੂ- 3 ਕਮਾਂਡਰ ਅਤੇ ਪੁਲਾੜ ਯਾਤਰੀ ਵਜੋਂ ਸੇਵਾ ਨਿਭਾ ਰਹੇ ਹਨ। ਚਾਰੀ ਇੱਕ ਟੈਸਟ ਪਾਇਲਟ ਦੇ ਰੂਪ ਵਿੱਚ ਮਿਸ਼ਨ ਵਿੱਚ ਸ਼ਾਮਲ ਹੋਏ ਸੀ। ਉਨ੍ਹਾਂ ਕੋਲ ਆਪਣੇ ਕਰੀਅਰ ਵਿੱਚ 2500 ਘੰਟਿਆਂ ਤੋਂ ਵੱਧ ਉਡਾਣ ਦਾ ਤਜ਼ਰਬਾ ਹੈ।