ਜਾਪਾਨ : ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਸ਼ੁੱਕਰਵਾਰ ਨੂੰ ਚੋਣ ਪ੍ਰੋਗਰਾਮ ਦੌਰਾਨ, ਭਾਸ਼ਣ ਸ਼ੁਰੂ ਕਰਨ ਤੋਂ ਕੁਝ ਮਿੰਟ ਬਾਅਦ ਗੋਲੀ ਮਾਰ ਦਿੱਤੀ ਗਈ। ਉਨ੍ਹਾਂ ਨੂੰ ਏਅਰਲਿਫਟ ਕਰਕੇ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦੇ ਸਾਹ ਨਹੀਂ ਚੱਲ ਰਹੇ ਸੀ ਅਤੇ ਉਨ੍ਹਾਂ ਦੇ ਦਿਲ ਦੀ ਧੜਕਣ ਬੰਦ ਹੋ ਗਈ ਸੀ। ਬਾਅਦ ‘ਚ ਹਸਪਤਾਲ ‘ਚ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪ੍ਰਧਾਨ ਮੰਤਰੀ ਸ਼ਿੰਜੋ ਆਬੇ 2020 ਵਿੱਚ ਸਿਹਤ ਸਮੱਸਿਆਵਾਂ ਕਾਰਨ ਅਸਤੀਫ਼ਾ ਦੇਣ ਤੋਂ ਪਹਿਲਾਂ, ਦੇਸ਼ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹੇ। ਦੁਨੀਆ ਦੇ ਸਭ ਤੋਂ ਸੁਰੱਖਿਅਤ ਦੇਸ਼ਾਂ ‘ਚੋਂ ਇਕ ਮੰਨੇ ਜਾਂਦੇ ਜਾਪਾਨ ‘ਚ ਇਸ ਘਟਨਾ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਆਬੇ ‘ਤੇ ਹੋਏ ਹਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਆਬੇ ਇਕ ਇਕੱਠ ਨੂੰ ਸੰਬੋਧਨ ਕਰ ਰਹੇ ਹਨ ਅਤੇ ਇਸ ਦੌਰਾਨ ਅਚਾਨਕ ਇਕ ਹਮਲਾਵਰ ਉਨ੍ਹਾਂ ‘ਤੇ ਪਿਛਿਓਂ 2 ਗੋਲੀ ਚਲਾ ਦਿੰਦਾ ਹੈ। ਫਾਇਰਿੰਗ ਮਗਰੋਂ ਉਥੇ ਧੂੰਆਂ ਹੋ ਜਾਂਦਾ ਹੈ।
ਪੁਲਿਸ ਨੇ ਸ਼ਿੰਜੋ ਆਬੇ ‘ਤੇ ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਹੈ। 42 ਸਾਲਾ ਹਮਲਾਵਰ ਕੋਲੋਂ ਇੱਕ ਬੰਦੂਕ ਬਰਾਮਦ ਹੋਈ ਹੈ।