ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ ਰਾਹਤ ਦੀ ਖਬਰ
ਕੈਨੇਡੀਅਨ ਸਟੱਡੀ ਵੀਜ਼ਾ ਲਈ ਭਾਰਤੀ ਵਿਦਿਆਰਥੀਆਂ ਦੀਆਂ ਵੱਡੀ ਗਿਣਤੀ ‘ਚ ਅਰਜ਼ੀਆਂ ਰੱਦ ਹੋਣ ਤੋਂ ਬਾਅਦ ਕੁਝ ਰਾਹਤ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਹੁਣ ਤਿੰਨ ਸਾਲ ਗੈਪ ਵਾਲੇ ਵਿਦਿਆਰਥੀ ਵੀ ਵੀਜ਼ਾ ਲੈਣ ਵਿਚ ਸਫ਼ਲ ਹੋ ਰਹੇ ਹਨ। ਇਮੀਗ੍ਰੇਸ਼ਨ ਸਲਾਹਕਾਰਾਂ ਮੁਤਾਬਕ ਪੰਜਾਬ ਤੋਂ ਜਾ ਰਹੀਆਂ 10 ਅਰਜ਼ੀਆਂ ‘ਚੋਂ ਸਿਰਫ਼ 4 ਨੂੰ ਹੀ ਵੀਜ਼ੇ ਮਿਲ ਰਹੇ ਸਨ ਪਰ ਹੁਣ ਇਹ ਅੰਕੜਾ 6 ਤੱਕ ਪਹੁੰਚ ਗਿਆ ਹੈ।
ਇੱਕ ਰਿਪੋਰਟ ਮੁਤਾਬਕ ਪਿਛਲੇ ਕੁਝ ਹਫਤਿਆਂ ਦੌਰਾਨ ਵੀਜ਼ਾ ਅਰਜ਼ੀਆਂ ਪ੍ਰਵਾਨ ਹੋਣ ਦੀ ਰਫ਼ਤਾਰ ਵਧ ਗਈ। ਇਸ ਦਾ ਮੁੱਖ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਕੈਨੇਡੀਅਨ ਵੀਜ਼ਾ ਮਿਲਣ ਦੇ ਆਸਾਰ ਘਟਣ ਕਾਰਨ ਵਿਦਿਆਰਥੀਆਂ ਨੇ ਆਸਟ੍ਰੇਲੀਆ ਅਤੇ Uk ਵੱਲ ਜਾਣਾ ਸ਼ੁਰੂ ਕਰ ਦਿੱਤਾ। ਕੈਨੇਡਾ ‘ਚ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਵਰਕ ਪਰਮਿਟ ਅਤੇ PR ਲੈਣ ਦੀ ਪ੍ਰਕਿਰਿਆ ਬਹੁਤ ਸੌਖੀ ਹੈ ਤੇ ਜ਼ਿੰਦਗੀ ‘ਚ ਅੱਗੇ ਵਧਣ ਦੇ ਵੀ ਕਈ ਮੌਕੇ ਮਿਲਦੇ ਹਨ।
ਦੱਸਣਯੋਗ ਹੈ ਕਿ ਲਗਭਗ ਡੇਢ ਦੋ ਮਹੀਨੇ ਪਹਿਲਾਂ ਤੱਕ ਚੰਗੇ ਪ੍ਰੋਫ਼ਾਈਲ ਵਾਲੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਵੀ ਰੱਦ ਹੋ ਰਹੀਆਂ ਸਨ ਪਰ ਹੁਣ ਹਾਲਾਤ ਬਦਲਦੇ ਨਜ਼ਰ ਆ ਰਹੇ ਹਨ। ਇੱਕ ਵਾਰ ਫਿਰ ਅਰਜ਼ੀਆਂ ਰੱਦ ਹੋਣ ਦੀ ਦਰ 50-60 ਫ਼ੀਸਦੀ ਤੋਂ ਘਟ ਕੇ 40 ਫ਼ੀਸਦੀ ਤੱਕ ਆ ਗਈ ਹੈ ਅਤੇ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਖ਼ਤਮ ਹੋਣ ਤੋਂ ਬਾਅਦ ਇਸ ‘ਚ ਹੋਰ ਸੁਧਾਰ ਹੋ ਸਕਦਾ ਹੈ। ਇੰਮੀਗ੍ਰੇਸ਼ਨ ਸਲਾਹਕਾਰਾਂ ਦਾ ਮੰਨਣਾ ਹੈ ਕਿ ਵੀਜ਼ਾ ਅਰਜ਼ੀਆਂ ਰੱਦ ਹੋਣ ਪਿੱਛੇ ਆਰਥਿਕ ਕਾਰਨ ਵੀ ਜ਼ਿੰਮੇਵਾਰ ਰਹੇ। ਕੈਨੇਡਾ ਸਰਕਾਰ ਦਾ ਮੰਨਣਾ ਹੈ ਕਿ ਜਿਹੜੇ ਵਿਦਿਆਰਥੀ ਆਰਥਿਕ ਤੌਰ ‘ਤੇ ਮਜ਼ਬੂਤ ਨਹੀਂ, ਉਨ੍ਹਾਂ ਨੂੰ ਭਵਿੱਖ ‘ਚ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।