ਆਸਟ੍ਰੇਲੀਆ ਬੀਚ ਮੌਤ ਮਾਮਲਾ: ਕੈਨੇਡੀਅਨ ਯੁਵਤੀ ਨੂੰ ਡਿੰਗੋਜ਼ ਨੇ ਨਹੀਂ ਮਾਰਿਆ – ਪੋਸਟਮਾਰਟਮ |
Dingo attack ਮਾਮਲਾ: ਆਸਟ੍ਰੇਲੀਆ ਬੀਚ ਕੈਨੇਡੀਅਨ ਯੁਵਤੀ ਦੀ ਮੌਤ |
ਆਸਟ੍ਰੇਲੀਆ ਦੇ ਕਵੀਨਜ਼ਲੈਂਡ ਸੂਬੇ ਦੇ ਕੇ’ਗਾਰੀ ਟਾਪੂ (ਫ੍ਰੇਜ਼ਰ ਆਇਲੈਂਡ) ਦੇ ਬੀਚ ‘ਤੇ ਮ੍ਰਿਤ ਮਿਲੀ ਕੈਨੇਡੀਅਨ ਬੈਕਪੈਕਰ ਦੀ ਮੌਤ ਡਿੰਗੋਜ਼ ਦੇ ਹਮਲੇ ਕਾਰਨ ਨਹੀਂ ਹੋਈ। ਇਹ ਖੁਲਾਸਾ ਪੋਸਟਮਾਰਟਮ ਦੀ ਪ੍ਰਾਰੰਭਿਕ ਰਿਪੋਰਟ ਵਿੱਚ ਕੀਤਾ ਗਿਆ ਹੈ।
ਕਵੀਨਜ਼ਲੈਂਡ ਕੋਰੋਨਰਜ਼ ਕੋਰਟ ਦੇ ਬੁਲਾਰੇ ਮੁਤਾਬਕ, 19 ਸਾਲਾ ਪਾਈਪਰ ਜੇਮਸ ਦੇ ਸਰੀਰ ‘ਤੇ ਡਿੰਗੋਜ਼ ਦੇ ਕੱਟਾਂ ਦੇ ਨਿਸ਼ਾਨ ਮਿਲੇ ਹਨ, ਪਰ ਇਹ ਨਿਸ਼ਾਨ ਮੌਤ ਤੋਂ ਬਾਅਦ ਦੇ ਹਨ। ਮੌਤ ਦਾ ਮੁੱਖ ਕਾਰਨ ਡੁੱਬਣਾ ਮੰਨਿਆ ਜਾ ਰਿਹਾ ਹੈ। ਅੰਤਿਮ ਪੈਥੋਲੋਜੀ ਰਿਪੋਰਟ ਆਉਣ ਵਿੱਚ ਹਜੇ ਕੁਝ ਹਫ਼ਤੇ ਲੱਗਣਗੇ।
ਪੁਲਿਸ ਅਨੁਸਾਰ, ਪਾਈਪਰ ਜੇਮਸ ਆਪਣੇ ਦੋਸਤ ਨਾਲ ਯਾਤਰਾ ਕਰ ਰਹੀ ਸੀ ਅਤੇ ਸਵੇਰੇ ਸਵੇਰੇ ਤੈਰਾਕੀ ਲਈ ਸਮੁੰਦਰ ਵਿੱਚ ਗਈ ਸੀ। ਕੁਝ ਸਮੇਂ ਬਾਅਦ, ਬੀਚ ‘ਤੇ ਗੱਡੀ ਚਲਾ ਰਹੇ ਦੋ ਲੋਕਾਂ ਨੇ ਉਸਦੀ ਲਾਸ਼ ਡਿੰਗੋਜ਼ ਦੇ ਝੁੰਡ ਨਾਲ ਘਿਰੀ ਹੋਈ ਦੇਖੀ।
ਪਰਿਵਾਰ ਨੇ ਦੱਸਿਆ ਕਿ ਪਾਈਪਰ ਬ੍ਰਿਟਿਸ਼ ਕੋਲੰਬੀਆ ਦੇ ਕੈਂਪਬੈਲ ਰਿਵਰ ਦੀ ਰਹਿਣ ਵਾਲੀ ਸੀ ਅਤੇ ਉਹ ਬਹੁਤ ਸਾਹਸੀ ਸੁਭਾਅ ਦੀ ਸੀ। ਉਸਦਾ ਸੁਪਨਾ ਪਾਇਲਟ ਬਣਨ ਦਾ ਸੀ ਅਤੇ ਉਹ ਮੋਟੋਕ੍ਰਾਸ, ਕੈਂਪਿੰਗ ਅਤੇ ਤੈਰਾਕੀ ਨੂੰ ਬਹੁਤ ਪਸੰਦ ਕਰਦੀ ਸੀ।
ਕੈਨੇਡਾ ਦੇ ਗਲੋਬਲ ਅਫੇਅਰਜ਼ ਵਿਭਾਗ ਨੇ ਕਿਹਾ ਹੈ ਕਿ ਪਰਿਵਾਰ ਨੂੰ ਕਾਂਸੂਲਰ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ, ਕੇ’ਗਾਰੀ ਟਾਪੂ ‘ਤੇ ਰੇਂਜਰ ਗਸ਼ਤ ਵਧਾ ਦਿੱਤੀ ਗਈ ਹੈ ਅਤੇ ਸੈਲਾਨੀਆਂ ਨੂੰ ਡਿੰਗੋਜ਼ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।