PIA ਸੰਕਟ: ਪਾਕਿਸਤਾਨ ਜਾਣ ਵਾਲੇ ਯਾਤਰੀ ਹੋ ਰਹੇ ਨੇ ਖੱਜਲ ਖੁਆਰ
ਪਾਕਿਸਤਾਨ ਦੀ ਕੌਮੀ ਹਵਾਈ ਸੇਵਾ ‘ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼’ ਦੇ ਆਰਥਿਕ ਸੰਕਟ ਨੇ ਕੁਝ ਕੈਨੇਡੀਅਨਜ਼ ਦੇ ਟ੍ਰੈਵਲ ਪਲਾਨ ਚੌਪਟ ਕਰ ਦਿੱਤੇ ਹਨ। ਯਾਤਰਾ ਦੇ ਪੀਕ ਸੀਜ਼ਨ ਦੌਰਾਨ ਪਾਕਿਸਤਾਨ ਜਾਣ ਵਾਲੇ ਯਾਤਰੀ ਹੁਣ ਹੋਰ ਏਅਰਲਾਈਨਾਂ ਵੱਲ ਮੁੜ ਰਹੇ ਹਨ। ਐਡਮੰਟਨ ਦੇ ਸ਼ਕੀਲ ਮੀਨਾਈ ਹਰ ਸਾਲ ਪਾਕਿਸਤਾਨ ਜਾਂਦੇ ਹਨ। ਅਕਤੂਬਰ ਦੇ ਮੱਧ ਵਿਚ ਉਹ ਪਾਕਿਸਤਾਨ ਚੱਲੇ ਹਨ ਅਤੇ ਉਨ੍ਹਾਂ ਨੇ ਲਾਹੌਰ ਤੋਂ ਕਰਾਂਚੀ ਲਈ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੀ ਟਿਕਟ ਬੁਕ ਕਰਵਾਈ ਸੀ।
ਪਰ ਸ਼ਕੀਲ ਅਨੁਸਾਰ ਉਨ੍ਹਾਂ ਦੀ ਫ਼ਲਾਈਟ ਕੈਂਸਲ ਹੋ ਗਈ ਅਤੇ ਉਨ੍ਹਾਂ ਨੂੰ ਸੱਤ ਘੰਟੇ ਬਾਅਦ ਜਾਣ ਵਾਲੀ ਇੱਕ ਹੋਰ ਫ਼ਲਾਈਟ ਵਿਚ ਬੁਕ ਕਰ ਦਿੱਤਾ ਗਿਆ। ਸ਼ਕੀਲ ਨੇ ਦੱਸਿਆ ਕਿ ਏਅਰਲਾਈਨ ਨੇ ਨਾ ਤਾਂ ਇਸ ਤਬਦੀਲੀ ਬਾਰੇ ਉਨ੍ਹਾਂ ਤੋਂ ਪੁੱਛਿਆ ਅਤੇ ਨਾ ਹੀ ਉਨ੍ਹਾਂ ਨੂੰ ਇਸ ਬਾਰੇ ਕੋਈ ਸੂਚਨਾ ਦਿੱਤੀ ਗਈ। ਸ਼ਕੀਲ ਕਹਿੰਦਾ ਹੈ ਕਿ ਹੋਰ ਏਅਰਲਾਈਨਾਂ, ਉਡਾਣ ਦੇ ਸਮੇਂ ਵਿਚ 10-15 ਮਿੰਟ ਦੇ ਫੇਰਬਦਲ ਬਾਰੇ ਵੀ ਯਾਤਰੀਆਂ ਨੂੰ ਸੂਚਿਤ ਕਰਦੀਆਂ ਹਨ।
ਦਰਅਸਲ PIA ਦੇ ਸਿਰ ਕਈ ਹਜ਼ਾਰ ਕਰੋੜ ਦਾ ਕਰਜ਼ਾ ਚੜ੍ਹ ਗਿਆ ਹੈ ਅਤੇ ਲੈਣਦਾਰਾਂ ਨੇ ਭੁਗਤਾਨ ਨਾ ਹੋਣ ਕਾਰਨ ਏਅਰਲਾਈਨ ਨੂੰ ਉਡਾਣ ਭਰਨ ਤੋਂ ਵੀ ਰੋਕ ਦਿੱਤਾ ਹੈ, ਜਿਸ ਕਰਕੇ ਏਅਰਲਾਈਨ ਨੂੰ ਆਪਣਾ ਸੰਚਾਲਨ ਘਟਾਉਣਾ ਪਿਆ ਹੈ। ਪਾਕਿਸਤਾਨੀ ਸਰਕਾਰ ਏਅਰਲਾਈਨ ਵੱਲੋਂ ਕੀਤੀ ਗਈ ਲਗਭਗ $100 ਮਿਲੀਅਨ ਦੀ ਐਮਰਜੈਂਸੀ ਮਦਦ ਦੀ ਬੇਨਤੀ ਨੂੰ ਰੱਦ ਕਰ ਚੁੱਕੀ ਹੈ। ਏਅਰਲਾਈਨ ਖੁਫੀਆ ਏਜੰਸੀ, ਸੀਐਚ-ਏਵੀਏਸ਼ਨ ਦੇ ਅਨੁਸਾਰ ਪਾਕਿਸਤਾਨੀ ਸਰਕਾਰ ਨੇ ਸਰਕਾਰੀ ਮਾਲਕੀ ਵਾਲੀ ਏਅਰਲਾਈਨ ਨੂੰ ਬੇਲਆਊਟ ਦੇਣ ਦੀ ਬਜਾਏ ਬੈਂਕ ਤੋਂ ਕਰਜ਼ਾ ਲੈਣ ਦਾ ਨਿਰਦੇਸ਼ ਦਿੱਤਾ ਹੈ।
ਪਾਕਿਸਤਾਨ ਵਿੱਚ ਪਰਿਵਾਰ ਅਤੇ ਦੋਸਤਾਂ ਨੂੰ ਮਿਲਣ ਦੇ ਚਾਹਵਾਨ ਕੈਨੇਡੀਅਨਜ਼ ਲਈ ਸਾਲ ਦਾ ਇਹ ਸਮਾਂ ਯਾਤਰਾ ਦਾ ਪੀਕ ਸੀਜ਼ਨ ਹੁੰਦਾ ਹੈ। ਇਸ ਸਮੇਂ ਦੌਰਾਨ ਮੌਸਮ ਆਮ ਤੌਰ ‘ਤੇ ਅਨੁਕੂਲ ਹੁੰਦਾ ਹੈ ਅਤੇ ਇਹ ਵਿਆਹ ਦਾ ਮੁੱਖ ਸੀਜ਼ਨ ਵੀ ਹੈ। ਪਰ ਯਾਤਰੀਆਂ ਦਾ ਕਹਿਣਾ ਹੈ ਕਿ ਉਹ ਹੁਣ ਦੂਜੀਆਂ ਏਅਰਲਾਈਨਾਂ ਵੱਲ ਤੱਕ ਰਹੇ ਹਨ ਕਿਉਂਕਿ ਉਹ ਹੁਣ PIA ਨੂੰ ਇੱਕ ਭਰੋਸੇਯੋਗ ਵਿਕਲਪ ਵਜੋਂ ਨਹੀਂ ਦੇਖਦੇ।
PIA ਐਡਮੰਟਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਨਹੀਂ ਉੱਡਦੀ। ਪਰ ਟੋਰੌਂਟੋ ਦੇ ਪੀਅਰਸਨ ਇੰਟਰਨੈਸ਼ਨਲ ਤੋਂ ਕਈ ਪਾਕਿਸਤਾਨੀ ਸ਼ਹਿਰਾਂ ਲਈ PIA ਸਿੱਧੀਆਂ ਉਡਾਣਾਂ ਦੀ ਪੇਸ਼ਕਸ਼ ਕਰਦੀ ਹੈ।ਸ਼ਕੀਲ ਨੇ ਕਿਹਾ ਕਿ ਫ਼ਲਾਈਟਾਂ ਦਾ ਕੈਂਸਲ ਹੋਣਾ, ਦੇਰੀ ਹੋਣਾ, ਮਹਿੰਗੀਆਂ ਟਿਕਟਾਂ ਅਤੇ ਮਾੜੀ ਸਰਵਿਸ ਲੋਕਾਂ ਨੂੰ ਦੂਜੀਆਂ ਏਅਰਲਾਈਨਾਂ ਵੱਲ ਮੋੜ ਰਹੀ ਹੈ। ਸਟੈਟਿਸਟਿਕਸ ਕੈਨੇਡਾ ਦੀ 2021 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਅਲਬਰਟਾ ਵਿੱਚ ਲਗਭਗ 40,000 ਪਾਕਿਸਤਾਨੀ ਮੂਲ ਦੀ ਵੱਸੋਂ ਹੈ।
ਅਗਸਤ ਵਿੱਚ, ਪਾਕਿਸਤਾਨੀ ਸਰਕਾਰ ਨੇ ਸੈਂਕੜੇ ਅਰਬਾਂ ਰੁਪਏ ਦਾ ਘਾਟਾ ਹੋਣ ਤੋਂ ਬਾਅਦ ਏਅਰਲਾਈਨ ਦਾ ਨਿੱਜੀਕਰਨ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਸੀ। ਯੂਨੀਵਰਸਿਟੀ ਔਫ਼ ਲੈਥਬ੍ਰਿਜ ਵਿਚ ਫ਼ਾਈਨੈਂਸ ਦੇ ਪ੍ਰੋਫ਼ੈਸਰ, ਹਾਮਿਦ ਗਨਬਰੀ ਨੇ ਕਿਹਾ ਕਿ PIA ਦੇ ਸਿਰ ਚੜਿਆ ਕਰਜ਼ਾ ਉਸ ਦੀ ਕੁੱਲ ਜਾਇਦਾਦ ਤੋਂ 5 ਗੁਣਾ ਜ਼ਿਆਦਾ ਹੈ। ਉਹਨਾਂ ਕਿਹਾ ਕਿ ਇੱਕ ਸਰਕਾਰੀ ਬੇਲਆਊਟ ਸਮੱਸਿਆਵਾਂ ਨੂੰ ਹੱਲ ਕਰ ਸਕਦਾ ਹੈ ਪਰ ਇਹ ਉਦੋਂ ਮੁਸ਼ਕਲ ਹੁੰਦਾ ਹੈ ਜਦੋਂ ਦੇਸ਼ ਪਹਿਲਾਂ ਹੀ ਕਰਜ਼ੇ ਦੇ ਸੰਕਟ ਅਤੇ ਸਿਆਸੀ ਅਨਿਸ਼ਚਿਤਤਾ ਨਾਲ ਨਜਿੱਠ ਰਿਹਾ ਹੋਵੇ।
(ਸੀਬੀਸੀ ਨਿਊਜ਼)