ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਧੋਖਾਧੜੀ ਰੋਕਣ ਲਈ ਨਵੇਂ ਨਿਯਮਾਂ ਦਾ ਐਲਾਨ
ਲੰਘੀਆਂ ਗਰਮੀਆਂ ਦੌਰਾਨ ਜਾਅਲੀ ਦਾਖ਼ਲਾ ਪੱਤਰਾਂ ਨਾਲ ਜੁੜੇ 100 ਤੋਂ ਵੱਧ ਮਾਮਲੇ ਸਾਹਮਣੇ ਆਉਣ ਤੋਂ ਬਾਅਦ, ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਅੱਜ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਧੋਖਾਧੜੀ ਤੋਂ ਬਚਾਉਣ ਦੇ ਉਦੇਸ਼ ਨਾਲ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ। ਇਮੀਗ੍ਰੇਸ਼ਨ ਵਿਭਾਗ ਨੇ 2017 ਦੀ ਇੱਕ ਸਕੀਮ ਦੀ ਜਾਂਚ ਕਰਨ ਲਈ ਜੂਨ ਵਿੱਚ ਇੱਕ ਟਾਸਕ ਫੋਰਸ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਘੋਖਿਆ ਗਿਆ ਕਿ ਇਮੀਗ੍ਰੇਸ਼ਨ ਏਜੰਟ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਦਾਖ਼ਲ ਕਰਵਾਉਣ ਲਈ ਜਾਅਲੀ acceptance letters ਜਾਰੀ ਕਰਦੇ ਹਨ।
ਹੁਣ ਤੱਕ ਸਮੀਖਿਆ ਕੀਤੇ ਗਏ 103 ਮਾਮਲਿਆਂ ਵਿੱਚੋਂ, ਲਗਭਗ 40 ਪ੍ਰਤੀਸ਼ਤ ਵਿਦਿਆਰਥੀ ਇਸ ਸਕੀਮ ਵਿੱਚ ਸ਼ਾਮਲ ਦਿਖਾਈ ਦਿੱਤੇ, ਜਦ ਕਿ ਬਾਕੀ ਵਿਦਿਆਰਥੀ ਇਸ ਘਪਲੇ ਦਾ ਸ਼ਿਕਾਰ ਹੋਏ। ਮਿਲਰ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਵੀਕਾਰ ਕਰਨ ਵਾਲੇ ਅਦਾਰਿਆਂ ਨੂੰ 1 ਦਸੰਬਰ ਤੋਂ ਇਮੀਗ੍ਰੇਸ਼ਨ ਵਿਭਾਗ ਨਾਲ ਹਰ ਬਿਨੈਕਾਰ ਦੇ ਸਵੀਕ੍ਰਿਤੀ ਪੱਤਰ ਦੀ ਪੁਸ਼ਟੀ ਕਰਨੀ ਪਵੇਗੀ।
ਮੰਤਰੀ ਵੱਲੋਂ ਖ਼ੁਦ ਇਹਨਾਂ ਵਿਦਿਅਕ ਅਦਾਰਿਆਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ, ਅਤੇ ਇੱਕ ਅਜਿਹੀ ਪ੍ਰਣਾਲੀ ਸਥਾਪਤ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਜਿਸ ਵਿਚ ਉਨ੍ਹਾਂ ਪੋਸਟ-ਸੈਕੰਡਰੀ ਵਿਦਿਅਕ ਅਦਾਰਿਆਂ ਨੂੰ ਫਾਇਦਾ ਦਿੱਤਾ ਜਾਵੇਗਾ ਜਿਹੜੇ ਅਗਲੇ ਫ਼ੌਲ ਸਮੈਸਟਰ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਮੇਂ-ਸਿਰ ਸੇਵਾਵਾਂ, ਸਹਾਇਤਾ ਅਤੇ ਮਿਆਰੀ ਨਤੀਜੇ ਪ੍ਰਦਾਨ ਕਰਨਗੇ। ਸਟਡੀ ਪਰਮਿਟ ਵਾਸਤੇ ਵੀ ਅਜਿਹੇ ਅਦਾਰਿਆਂ ਦੇ ਬਿਨੈਕਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ।