ਵਾਇਰਸ ਦੇ ਵੱਧ ਰਹੇ ਮਾਮਲਿਆਂ ਕਾਰਨ ਕੈਨੇਡਾ ਦੇ ਡਾਕਟਰਾਂ ਵੱਲੋਂ ਮਾਸਕ ਪਹਿਨਣ ਦੀ ਸਲਾਹ
ਹਸਪਤਾਲਾਂ ਵਿੱਚ ਫ਼ਲੂ , ਕੋਵਿਡ -19 ਅਤੇ ਸਾਹ ਆਦਿ ਦੇ ਵੱਧ ਰਹੇ ਮਾਮਲਿਆਂ ਕਾਰਨ ਓਨਟੇਰੀਓ ਅਤੇ ਮੈਨੀਟੋਬਾ ਵਿੱਚ ਕੁਝ ਡਾਕਟਰਾਂ, ਵਿਗਿਆਨੀਆਂ ਅਤੇ ਹਸਪਤਾਲ ਦੇ ਅਧਿਕਾਰੀਆਂ ਨੇ ਜਨਤਕ ਸਿਹਤ ਅਧਿਕਾਰੀਆਂ ਨੂੰ ਮਾਸਕ ਬਾਬਤ ਨਿਯਮ ਮੁੜ ਤੋਂ ਲਾਗੂ ਕਰਨ ਲਈ ਕਿਹਾ ਹੈ। ਕੈਨੇਡਾ ਦੀ ਚੀਫ਼ ਪਬਲਿਕ ਹੈਲਥ ਔਫ਼ਿਸਰ ਡਾ ਟ੍ਰੀਜ਼ਾ ਟੈਮ ਨੇ ਕਿਹਾ , “ਮਾਸਕ ਦੀ ਵਰਤੋਂ,ਸਾਹ ਦੇ ਵਾਇਰਸਾਂ ਦੇ ਫ਼ੈਲਣ ਤੋਂ ਬਚਾਅ ਦੀ ਇੱਕ ਪਰਤ ਵਾਂਗ ਹੈ ।”
ਪਬਲਿਕ ਹੈਲਥ ਏਜੰਸੀ ਆਫ਼ ਕੈਨੇਡਾ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਦੇਸ਼ ਵਿੱਚ ਫ਼ਲੂ ਅਤੇ ਸਾਹ ਦੀ ਬਿਮਾਰੀ ਆਦਿ ਦੇ ਮਾਮਲੇ ਵੱਧ ਗਏ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਸਟਾਫ਼ ਦੀ ਕਮੀ ਅਤੇ ਹੋਰ ਕਾਰਕ ਵੀ ਹਸਪਤਾਲਾਂ ‘ਤੇ ਦਬਾਅ ਪਾ ਰਹੇ ਹਨ।
ਟੈਮ ਨੇ ਕਿਹਾ ਕਿ ਮਾਸਕ ਦੇ ਆਦੇਸ਼ਾਂ ਬਾਰੇ ਫ਼ੈਸਲਾ ਸੂਬਾਈ ਅਧਿਕਾਰੀਆਂ ‘ਤੇ ਨਿਰਭਰ ਕਰਦਾ ਹੈ ਪਰ ਉਹ ਭੀੜ ਵਾਲੀਆਂ ਥਾਵਾਂ ‘ਤੇ ਮਾਸਕ ਪਹਿਨਣ ਦੀ ਸਿਫਾਰਸ਼ ਕਰਦੇ ਹਨ । ਇਹ ਪੁੱਛੇ ਜਾਣ ‘ਤੇ ਕਿ ਕੀ ਕੈਨੇਡਾ ਮੁਫ਼ਤ ਮਾਸਕ ਪ੍ਰਦਾਨ ਕਰੇਗਾ, ਟੈਮ ਨੇ ਕਿਹਾ ਕਿ ਇਹ ਇਕ ਮਹੱਤਵਪੂਰਣ ਵਿਚਾਰ ਹੈ, ਪਰ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਲੋਕਾਂ ਕੋਲ ਇਸ ਸਮੇਂ ਮਾਸਕ ਨਾ ਪਹਿਨਣ ਦੇ ਕੀ ਕਾਰਨ ਹਨ।
ਟੋਰੌਂਟੋ ਹਸਪਤਾਲ ਦੇ ਛੂਤ ਦੀਆਂ ਬਿਮਾਰੀਆਂ ਦੇ ਡਾਕਟਰ ਆਈਜ਼ੈਕ ਬੋਗੋਚ ਨੇ ਕਿਹਾ ਕਿ ਮਾਸਕ ਇਕ ਬਿਹਤਰੀਨ ਸਾਧਨ ਹਨ ਅਤੇ ਉਹਨਾਂ ਅਧਿਕਾਰੀਆਂ ਨੂੰ ਇਸਦੀ ਵਰਤੋਂ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ। ਡਾਕਟਰ ਆਈਜ਼ੈਕ ਬੋਗੋਚ ਨੇ ਕਿਹਾ ਜੇਕਰ ਹਸਪਤਾਲਾਂ ਵਾਂਗ ਸਕੂਲਾਂ ਅਤੇ ਕਮਿਊਨਿਟੀ ਸੈਂਟਰਾਂ ਦੇ ਗੇਟ ਅੱਗੇ ਮਾਸਕ ਰੱਖੇ ਜਾਣ ਤਾਂ ਲੋਕ ਇਸ ਬਾਬਤ ਫ਼ੈਸਲੇ ਲੈ ਸਕਦੇ ਹਨ।