2023 ਵਿੱਚ ਕੈਨੇਡਾ ‘ਚ ਆਏਗੀ ਆਰਥਿਕ ਮੰਦੀ : RBC ਅਰਥਸ਼ਾਸਤਰੀ
ਰੌਇਲ ਬੈਂਕ ਆਫ ਕੈਨੇਡਾ ਦੇ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ 2023 ਦੀ ਪਹਿਲੀ ਤਿਮਾਹੀ ਵਿੱਚ ਦੇਸ਼ ਵਿੱਚ ਆਰਥਿਕ ਮੰਦੀ ਆਏਗੀ । RBC ਦੇ ਅਰਥਸ਼ਾਸਤਰੀ ਨਥਾਨ ਜਾਨਜ਼ੇਨ ਵੱਲੋਂ ਕੀਤੀ ਗਈ ਪੇਸ਼ੀਨਿਗੋਈ ਅਨੁਸਾਰ ਕੈਨੇਡਾ ਦੇ ਅਰਥਚਾਰੇ ਵਿੱਚ ਤਰੇੜਾਂ ਪੈ ਰਹੀਆਂ ਹਨ। ਹਾਊਸਿੰਗ ਮਾਰਕਿਟਸ ਤੇਜ਼ੀ ਨਾਲ ਠੰਢੀਆਂ ਪੈ ਚੁੱਕੀਆਂ ਹਨ। ਸੈਂਟਰਲ ਬੈਂਕ ਦਰਾਂ ਨੁੰ ਤੇਜ਼ੀ ਨਾਲ ਵਧਾਉਣ ਵਿੱਚ ਲੱਗੇ ਹੋਏ ਹਨ। ਹਾਲਾਂਕਿ ਲੇਬਰ ਮਾਰਕਿਟ ਦੀ ਸਥਿਤੀ ਮਜ਼ਬੂਤ ਨਜ਼ਰ ਆ ਰਹੀ ਹੈ ਪਰ ਪਿਛਲੇ ਚਾਰ ਮਹੀਨਿਆਂ ਤੋਂ 92,000 ਤੱਕ ਇੰਪਲੌਇਮੈਂਟ ਦਰ ਹੇਠਾਂ ਆ ਚੁੱਕੀ ਹੈ।
ਇਸ ਤੋਂ ਪਹਿਲਾਂ ਜਾਨਜ਼ੈਨ ਤੇ ਫੈਨ ਇਹ ਭਵਿੱਖਬਾਣੀ ਕਰ ਚੁੱਕੇ ਹਨ ਕਿ 2023 ਵਿੱਚ ਕੈਨੇਡਾ ਵਿੱਚ ਦਰਮਿਆਨਾਂ ਮੰਦਵਾੜਾ ਆਵੇਗਾ। ਹੁਣ ਉਨ੍ਹਾਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਕੈਨੇਡਾ ਵਿੱਚ ਵਿਆਜ਼ ਦਰਾਂ 4 ਫੀ ਸਦੀ ਤੱਕ ਤੇ ਅਮਰੀਕਾ ਵਿੱਚ ਵਿਆਜ਼ ਦਰਾਂ 4·5 ਤੋਂ 4·75 ਫੀ ਸਦੀ ਤੱਕ ਵਧਣਗੀਆਂ। ਉਨ੍ਹਾਂ ਇਹ ਵੀ ਆਖਿਆ ਕਿ ਇਸ ਵਾਰੀ ਸਾਡੇ ਵੱਲੋਂ ਕੀਤੀ ਗਈ ਪੇਸ਼ੀਨਿਗੋਈ ਤੋਂ ਵੀ ਇੱਕ ਤਿਮਾਹੀ ਪਹਿਲਾਂ ਹੀ ਇਹ ਮੰਦਵਾੜਾ ਆਉਣ ਦੀ ਸੰਭਾਵਨਾ ਹੈ।
ਮਹਿੰਗਾਈ ਨਾਲ ਸਿੱਝਣ ਲਈ ਬੈਂਕ ਆਫ ਕੈਨੇਡਾ ਵੱਲੋਂ ਮਾਰਚ ਤੋਂ ਹੀ ਆਪਣੀਆਂ ਵਿਆਜ਼ ਦਰਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਪੂਰੀ ਮਹਾਂਮਾਰੀ ਦੌਰਾਨ ਬੈਂਕ ਆਫ ਕੈਨੇਡਾ ਵੱਲੋਂ ਆਪਣੀਆਂ ਵਿਆਜ਼ ਦਰਾਂ 0·25 ਫੀ ਸਦੀ ਰੱਖੀਆਂ ਗਈਆਂ। ਹੁਣ ਇਹ ਵਿਆਜ਼ ਦਰਾਂ 3·25 ਫੀ ਸਦੀ ਤੱਕ ਪਹੁੰਚ ਚੁੱਕੀਆਂ ਹਨ। ਆਰਬੀਸੀ ਦਾ ਕਹਿਣਾ ਹੈ ਕਿ 2022 ਦੇ ਅੰਤ ਵਿੱਚ ਇਨ੍ਹਾਂ ਵਿਆਜ਼ ਦਰਾਂ ਵਿੱਚ ਹੋਰ ਵਾਧਾ ਹੋਵੇਗਾ।