GTA News Media

Top Info Bar
22.1°C Toronto Loading date...
Punjab

ਝੂਠੇ ਪੁਲਿਸ ਮੁਕਾਬਲੇ ‘ਚ ਸ਼ਾਮਲ 3 ਪੁਲਿਸ ਕਰਮੀਆਂ ਨੂੰ 31 ਸਾਲ ਬਾਅਦ CBI ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ

ਝੂਠੇ ਪੁਲਿਸ ਮੁਕਾਬਲੇ ‘ਚ ਸ਼ਾਮਲ 3 ਪੁਲਿਸ ਕਰਮੀਆਂ ਨੂੰ 31 ਸਾਲ ਬਾਅਦ CBI ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ
Share this post via:

1992 ਵਿੱਚ ਪੰਜਾਬ ਪੁਲਿਸ ਦੇ ਝੂਠੇ ਮੁਕਾਬਲੇ ਵਿੱਚ ਮਾਰੇ ਗਏ ਹਰਜੀਤ ਸਿੰਘ ਕੇਸ ਵਿੱਚ ਤਿੰਨ ਸਾਬਕਾ ਪੁਲਿਸ ਵਾਲਿਆਂ ਨੂੰ ਉਮਰ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਮੁਹਾਲੀ ਦੀ ਸੀਬੀਆਈ ਅਦਾਲਤ ਨੇ ਪੁਲਿਸ ਦੇ ਤਿੰਨ ਸਾਬਕਾ ਕਰਮਚਾਰੀਆਂ ਧਰਮ ਸਿੰਘ  ਸੁਰਿੰਦਰ ਸਿੰਘ ਅਤੇ ਗੁਰਦੇਵ ਸਿੰਘ ਨੂੰ ਉਮਰ ਕੈਦ ਅਤੇ ਦੋ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਤਿੰਨਾਂ ਪੁਲਿਸ ਕਰਮੀਆਂ ਨੂੰ ਸਜ਼ਾ ਹਰਜੀਤ ਸਿੰਘ ਨਾਮ ਦੇ ਨੌਜਵਾਨ ਨੂੰ ਕਤਲ ਕਰਨ ਦੇ ਮਾਮਲੇ ਵਿੱਚ ਸੁਣਾਈ ਗਈ ਹੈ।

ਹਰਜੀਤ ਸਿੰਘ ਦੀ ਮੌਤ ਤੋਂ ਬਾਅਦ ਇਨਸਾਫ਼ ਦੀ ਲੜਾਈ ਪਹਿਲਾਂ ਹਰਜੀਤ ਸਿੰਘ ਦੇ ਪਿਤਾ ਕਸ਼ਮੀਰ ਸਿੰਘ ਨੇ ਸਾਲਾਂ ਤੱਕ ਲੜੀ ਤੇ ਫਿਰ ਉਨ੍ਹਾਂ ਦੇ ਪੁੱਤਰ ਰਾਮਪ੍ਰੀਤ ਸਿੰਘ ਨੇ ਇਨਸਾਫ਼ ਮਿਲਣ ਤੱਕ ਇਹ ਲੜਾਈ ਜਾਰੀ ਰੱਖੀ। ਦਰਅਸਲ, 1980-90 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਪੁਲਿਸ ਉੱਤੇ ਇਹ ਆਮ ਇਲਜ਼ਾਮ ਲੱਗੇ ਕਿ ਖਾੜਕੂਵਾਦ ਦੇ ਨਾਮ ਉੱਤੇ ਕਈ ਬੇਕਸੂਰ ਨੌਜਵਾਨਾਂ ਨੂੰ ਪੁਲਿਸ ਨੇ ਚੁੱਕਿਆ ਅਤੇ ਉਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ। ਭਾਵੇਂ ਕਿ ਪੁਲਿਸ ਅਤੇ ਪੰਜਾਬ ਸਰਕਾਰ ਅਜਿਹੇ ਇਲਜ਼ਾਮਾਂ ਨੂੰ ਰੱਦ ਕਰਦੀ ਰਹੀ ਹੈ।

ਪਰ ਅਜਿਹੇ ਅਨੇਕਾਂ ਮਾਮਲੇ ਅਦਾਲਤਾਂ ਵਿੱਚ ਸਾਬਿਤ ਹੋਏ ਹਨ ਕਿ ਨੌਜਵਾਨਾਂ ਨੂੰ ਚੁੱਕ ਕੇ ਮਾਰਨ ਤੋਂ ਬਾਅਦ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਉਨ੍ਹਾਂ ਲਾਸ਼ਾਂ ਨੂੰ ਲਵਾਰਿਸ ਦੱਸ ਕੇ ਉਨ੍ਹਾਂ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ ਸੀ। ਝੂਠੇ ਪੁਲਿਸ ਮੁਕਾਬਲੇ ਅਤੇ ਲਾਪਤਾ ਲੋਕਾਂ ਦੇ ਮਸਲੇ ਉੱਤੇ ਤੱਥਾਂ ਸਮੇਤ ਆਵਾਜ਼ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਨੇ ਚੁੱਕੀ ਸੀ। ਉਨ੍ਹਾਂ ਨੇ ਅੰਮ੍ਰਿਤਸਰ, ਮਜੀਠਾ ਅਤੇ ਤਰਨ ਤਾਰਨ ਦੇ ਤਿੰਨ ਸ਼ਮਸ਼ਾਨ ਘਾਟਾਂ ਵਿੱਚ ਜੂਨ 1984 ਤੋਂ ਦਸੰਬਰ 1994 ਤੱਕ ਅਣਪਛਾਤੀਆਂ ਕਹਿ ਕੇ ਸਾੜੀਆਂ ਗਈਆਂ ਲਾਸ਼ਾਂ ਦੇ ਵੇਰਵੇ ਨਸ਼ਰ ਕੀਤੇ ਸਨ। ਹਰਜੀਤ ਸਿੰਘ ਦੇ ਪਿਤਾ ਕਸ਼ਮੀਰ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਆਖਿਆ ਹੈ ਕਿ ਹਰਜੀਤ ਸਿੰਘ ਨੂੰ ਪੰਜਾਬ ਪੁਲਿਸ ਦੀ ਟੀਮ ਨੇ 29 ਅਪਰੈਲ 1992 ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਸਠਿਆਲਾ ਨੇੜੇ ਠੱਠੀਆਂ ਬੱਸ ਸਟੈਂਡ ਤੋਂ ਚੁੱਕ ਲਿਆ ਸੀ। ਇਸ ਤੋਂ ਬਾਅਦ 12 ਮਈ 1992 ਵਿੱਚ ਹਰਜੀਤ ਸਿੰਘ ਦੇ ਨਾਲ ਦੋ ਨੌਜਵਾਨ ਜਸਪਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਮੁਕਾਬਲੇ ਤੋਂ ਬਾਅਦ ਪੁਲਿਸ ਨੇ ਹਰਜੀਤ ਸਿੰਘ ਦੀ ਲਾਸ਼ ਵੀ ਉਸ ਦੇ ਮਾਪਿਆਂ ਨੂੰ ਨਹੀਂ ਦਿੱਤੀ ਸੀ।

ਪੁੱਤਰ ਨਾਲ ਹੋਈ ਬੇਇਨਸਾਫ਼ੀ ਲਈ ਲੜਾਈ ਹਰਜੀਤ ਸਿੰਘ ਦੇ ਪਿਤਾ ਕਸ਼ਮੀਰ ਸਿੰਘ ਨੇ ਲੜੀ। ਅਦਾਲਤ ਦੇ ਫ਼ੈਸਲੇ ਤੋਂ ਬਾਅਦ ਭਰੀ ਹੋਈ ਆਵਾਜ਼ ਨਾਲ ਗੱਲ ਕਰਦਿਆਂ ਹਰਜੀਤ ਸਿੰਘ ਦੇ ਵੱਡੇ ਪੁੱਤਰ ਰਾਮਪ੍ਰੀਤ ਸਿੰਘ ਨੇ ਕਿਹਾ ਕਿ ਕੋਈ ਅਜਿਹਾ ਵੇਲਾ ਨਹੀਂ ਗਿਆ ਜਦੋਂ ਪਿਤਾ ਨੂੰ ਯਾਦ ਨਾ ਕੀਤਾ ਹੋਵੇ। ਉਨ੍ਹਾਂ ਨੇ ਅੱਗੇ ਕਿਹਾ, “ਦਾਦਾ ਜੀ ਨੇ ਕਾਨੂੰਨੀ ਲੜਾਈ ਜਾਰੀ ਰੱਖੀ। ਇਨਸਾਫ਼ ਪਹਿਲਾਂ ਮਿਲ ਜਾਣਾ ਚਾਹੀਦਾ ਸੀ ਪਰ ਫਿਰ ਵੀ ਅਸੀਂ ਸੰਤੁਸ਼ਟ ਹਾਂ ਕਿ ਆਖ਼ਰ ਮਿਲਿਆ ਹੈ। ਦਾਦਾ ਜੀ ਨੇ ਇਸ ਲਈ ਬਹੁਤ ਹਿੰਮਤ ਕੀਤੀ। ਹਰਜੀਤ ਸਿੰਘ ਦੇ ਕੇਸ ਨੂੰ ਲੜਨ ਵਾਲੇ ਵਕੀਲ ਜਗਜੀਤ ਸਿੰਘ ਕਹਿੰਦੇ ਹਨ, ”ਦੇਰੀ ਨਾਲ ਮਿਲੇ ਇਨਸਾਫ਼ ਦੀ ਕੋਈ ਮਹੱਤਤਾ ਨਹੀਂ ਰਹਿ ਜਾਂਦੀ ਕਿਉਂਕਿ 5 ਲੋਕਾਂ ਦੀ ਮੌਤ ਤਾਂ ਕੁਦਰਤੀ ਤੌਰ ‘ਤੇ ਹੋ ਗਈ। ਉਹ ਆਪਣੀ ਜ਼ਿੰਦਗੀ ਭੋਗ ਕੇ ਗਏ। ਉਨ੍ਹਾਂ ‘ਤੇ ਇਸ ਦਾ ਅਸਰ ਨਹੀਂ ਹੋਣਾ। ਬਾਕੀਆਂ ਨੇ ਆਪਣੀ ਸਰਵਿਸ ਦੇ ਸਾਰੇ ਲਾਹੇ ਲਏ, ਬਾਇੱਜ਼ਤ ਰਿਟਾਇਰਡ ਹੋਏ, ਪੈਨਸ਼ਨਾਂ ਲੈ ਰਹੇ ਸਨ। ਅਜਿਹੇ ਮਹੱਤਤਾ ਇਨਸਾਫ਼ ਦੀ ਕੀ ਰਹਿ ਗਈ।”

1997 ਵਿੱਚ ਇਸ ਕੇਸ ਦੀ ਜਾਂਚ ਸੀਬੀਆਈ ਵੱਲੋਂ ਕੀਤੀ ਗਈ। ਸੀਬੀਆਈ ਨੇ 2000 ਵਿੱਚ 9 ਪੁਲਿਸ ਕਰਮਚਾਰੀਆਂ ਖ਼ਿਲਾਫ਼ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ। ਪਰ ਇਸ ਵਿਚ ਸ਼ਾਮਲ ਚਾਰ ਪੁਲਿਸ ਕਰਮੀਆਂ ਦੀ ਮੌਤ ਕੇਸ ਦੀ ਸੁਣਵਾਈ ਦੌਰਾਨ ਹੀ ਹੋ ਗਈ। CBI ਨੇ ਜਾਂਚ ਦੌਰਾਨ ਪਾਇਆ ਕਿ ਉਸ ਸਮੇਂ ਦੇ ਐੱਸਆਈ ਧਰਮ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਨਾ ਸਿਰਫ਼ ਮਾਰਿਆਂ ਬਲਕਿ ਉਨ੍ਹਾਂ ਦੀ ਲਾਸ਼ਾਂ ਵੀ ਪਰਿਵਾਰ ਵਾਲਿਆਂ ਨੂੰ ਨਹੀਂ ਦਿੱਤੀਆਂ। ਇਸ ਕੇਸ ਵਿੱਚ 58 ਗਵਾਹਾਂ ਦੀ ਗਵਾਹੀ ਹੋਈ ਜਿਸ ਵਿਚੋਂ 27 ਗਵਾਹਾਂ ਦੀ ਮੌਤ ਕੇਸ ਦੀ ਸੁਣਵਾਈ ਦੌਰਾਨ ਹੋ ਗਈ ਸੀ। ਆਖ਼ਰਕਾਰ 31 ਸਾਲ ਬਾਅਦ ਅਦਾਲਤ ਨੇ ਇਸ ਕੇਸ ਦਾ ਨਿਪਟਾਰਾ ਕਰਦਿਆਂ ਕੇਸ ਵਿੱਚ ਸ਼ਾਮਲ ਤਿੰਨ ਪੁਲਿਸ ਕਰਮੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ।