ਇੰਗਲੈਂਡ: ਮਨੀ-ਲਾਂਡਰਿੰਗ ਅਤੇ ਮਨੁੱਖੀ ਤਸਕਰੀ ਦੇ ਦੋਸ਼ ‘ਚ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੂੰ ਹੋਈਆਂ ਸਜ਼ਾਵਾ
ਲੰਡਨ, ਇੰਗਲੈਂਡ (ਕੁਲਤਰਨ ਸਿੰਘ): ਇੰਗਲੈਂਡ ਵਿਖੇ 16 ਜਣਿਆ ਦੇ ਇੱਕ ਗਰੁੱਪ, ਜਿਨ੍ਹਾਂ ਵਿੱਚ ਬਹੁਤ ਸਾਰੇ ਪੰਜਾਬੀ ਹਨ, ਨੂੰ ਅੰਤਰਰਾਸ਼ਟਰੀ ਮਨੀ-ਲਾਂਡਰਿੰਗ ਅਤੇ ਯੂਕੇ ਵਿੱਚ ਮਨੁੱਖੀ ਤਸਕਰੀ ਵਿੱਚ ਸ਼ਾਮਲ ਹੋਣ ਲਈ ਕੁੱਲ 70 ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਨੈਸ਼ਨਲ ਕ੍ਰਾਈਮ ਏਜੰਸੀ (NCA) ਦੁਆਰਾ ਕੀਤੀ ਗਈ ਜਾਂਚ ਵਿੱਚ ਪਤਾ ਲੱਗਾ ਹੈ ਕਿ ਪੱਛਮੀ ਲੰਡਨ ਸਥਿਤ ਇੱਕ ਸੰਗਠਿਤ ਅਪਰਾਧ ਸਮੂਹ, ਜਿਸ ਦੀ ਅਗਵਾਈ ‘ਰਿੰਗਲੀਡਰ’ ਚਰਨ ਸਿੰਘ ਕਰ ਰਹੇ ਸਨ, ਦੇ ਮੈਂਬਰਾਂ ਨੇ ਯੂਕੇ ਤੋਂ ਲਗਭਗ 70 ਮਿਲੀਅਨ ਪੌਂਡ ਦੀ ਨਕਦੀ ਦੀ ਤਸਕਰੀ ਕੀਤੀ ਸੀ, ਜਿਸ ਲਈ ਸੈਂਕੜੇ ਵਾਰ 2017 ਅਤੇ 2019 ਵਿਚਕਾਰ ਦੁਬਈ ਦੀਆਂ ਯਾਤਰਾਵਾਂ ਹੋਈਆ ਹਨ।
NCA ਅਫਸਰਾਂ ਦਾ ਮੰਨਣਾ ਹੈ ਕਿ ਇਹ ਪੈਸਾ ਕਲਾਸ ਏ ਡਰੱਗਜ਼ ਦੀ ਵਿਕਰੀ ਅਤੇ ਸੰਗਠਿਤ ਇਮੀਗ੍ਰੇਸ਼ਨ ਅਪਰਾਧ ਤੋਂ ਪ੍ਰਾਪਤ ਹੋਇਆ ਸੀ। ਕ੍ਰੋਏਡਨ ਕਰਾਊਨ ਕੋਰਟ ਵਿਚ ਤਿੰਨ ਦਿਨਾਂ ਤੱਕ ਸਜ਼ਾ ਵਾਸਤੇ ਸੁਣਵਾਈ ਹੋਈ, ਜੋ ਸ਼ੁੱਕਰਵਾਰ ਨੂੰ ਸਮਾਪਤ ਹੋਈ, ਹਾਉਂਸਲੋ ਦੇ ਰਹਿਣ ਵਾਲੇ 44 ਸਾਲਾ ਚਰਨ ਸਿੰਘ ਨੂੰ ਸਾਢੇ 12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਉਸ ਦੇ ਸੱਜੇ ਹੱਥ ਬਲਜੀਤ ਸਿੰਘ ਨੂੰ 11 ਸਾਲ ਸਾਲ, ਜਦੋਂ ਕਿ ਭਰੋਸੇਮੰਦ ਲੈਫਟੀਨੈਂਟ ਸਵੰਦਰ ਸਿੰਘ ਢਲ ਨੂੰ ਮਨੀ ਲਾਂਡਰਿੰਗ ਲਈ 10 ਸਾਲ ਅਤੇ ਲੋਕਾਂ ਦੀ ਤਸਕਰੀ ਲਈ ਵਾਧੂ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ।
ਕ੍ਰਾਈਮ ਗਰੁੱਪ ਦੇ ਹੋਰ ਮੈਂਬਰਾਂ- ਅਮਰਜੀਤ ਅਲਾਬਦੀ, ਜਗਿੰਦਰ ਕਪੂਰ, ਜੈਕਦਾਰ ਕਪੂਰ, ਮਨਮੋਨ ਸਿੰਘ ਕਪੂਰ, ਪਿੰਕੀ ਕਪੂਰ ਅਤੇ ਜਸਬੀਰ ਸਿੰਘ ਮਲਹੋਤਰਾ ਨੂੰ 9 ਸਾਲ ਤੋਂ 11 ਮਹੀਨੇ ਤੱਕ ਦੀ ਸਜ਼ਾ ਸੁਣਾਈ ਗਈ ਹੈ। ਐੱਨਸੀਏ ਆਪ੍ਰੇਸ਼ਨ ਦੇ ਹਿੱਸੇ ਵਜੋਂ ਗ੍ਰਿਫਤਾਰ ਕੀਤੇ ਗਏ ਅਤੇ ਚਾਰਜ ਕੀਤੇ ਗਏ ਵਿਅਕਤੀਆਂ ‘ਤੇ ਇਸ ਸਾਲ ਜਨਵਰੀ ਤੋਂ ਦੱਖਣੀ ਲੰਡਨ ਦੇ ਕ੍ਰੋਏਡਨ ਕਰਾਊਨ ਕੋਰਟ ਵਿੱਚ ਦੋ ਮੁਕੱਦਮੇ ਚਲਾਏ ਗਏ ਸਨ।
NCA ਦੇ ਸੀਨੀਅਰ ਜਾਂਚ ਅਧਿਕਾਰੀ ਕ੍ਰਿਸ ਹਿੱਲ ਨੇ ਕਿਹਾ, “NCA ਨੇ ਚਰਨ ਸਿੰਘ ਅਤੇ ਉਸਦੇ ਨੈੱਟਵਰਕ ਦੀਆਂ ਗਤੀਵਿਧੀਆਂ ਦੀ ਇੱਕ ਲੰਮੀ ਅਤੇ ਗੁੰਝਲਦਾਰ ਜਾਂਚ ਕੀਤੀ, ਅਤੇ ਦੋ ਸਾਲਾਂ ਦੀ ਮਿਆਦ ਵਿੱਚ ਅਸੀਂ ਮਨੀ-ਲਾਂਡਰਿੰਗ ਅਤੇ ਸੰਗਠਿਤ ਇਮੀਗ੍ਰੇਸ਼ਨ ਅਪਰਾਧ ਵਿੱਚ ਉਹਨਾਂ ਦੀ ਸ਼ਮੂਲੀਅਤ ਦਾ ਸਬੂਤ ਦੇਣ ਦੇ ਯੋਗ ਹੋ ਗਏ।”