GTA News Media

Top Info Bar
22.1°C Toronto Loading date...
World

Israel-Palestine News: ਮੌਤਾਂ ਦਾ ਅੰਕੜਾ 1,100 ਦੇ ਪਾਰ, ਇੱਕ ਕੈਨੇਡੀਅਨ ਨਾਗਰਿਕ ਦੇ ਮਾਰੇ ਜਾਣ ਦੀ ਵੀ ਰਿਪੋਰਟ

Israel-Palestine News: ਮੌਤਾਂ ਦਾ ਅੰਕੜਾ 1,100 ਦੇ ਪਾਰ, ਇੱਕ ਕੈਨੇਡੀਅਨ ਨਾਗਰਿਕ ਦੇ ਮਾਰੇ ਜਾਣ ਦੀ ਵੀ ਰਿਪੋਰਟ
Share this post via:

ਸ਼ਨੀਵਾਰ ਨੂੰ ਫ਼ਲਸਤੀਨੀ ਲੜਾਕਿਆਂ ਦੁਆਰਾ ਇਜ਼ਰਾਈਲ ‘ਤੇ ਕੀਤੇ ਭਿਆਨਕ ਰਾਕੇਟ ਹਮਲਿਆਂ ਦੇ ਜਵਾਬ ਵਿਚ ਐਤਵਾਰ ਨੂੰ ਇਜ਼ਰਾਈਲ ਦੀ ਸਰਕਾਰ ਨੇ ਵੀ ਰਸਮੀ ਤੌਰ ‘ਤੇ ਜੰਗ ਦਾ ਐਲਾਨ ਕਰ ਦਿੱਤਾ। ਦੋਵਾਂ ਧਿਰਾਂ ਦੁਆਰਾ ਹੋ ਰਹੀ ਬੰਬਾਰੀ ਦੌਰਾਨ ਇਜ਼ਰਾਈਲ ਵਿਚ ਹੁਣ ਤੱਕ ਘੱਟੋ ਘੱਟ 700 ਲੋਕ ਅਤੇ ਗਾਜ਼ਾ ਪੱਟੀ ਵਿਚ ਕਰੀਬ 400 ਲੋਕ ਮਾਰੇ ਜਾ ਚੁੱਕੇ ਹਨ। ਹਮਾਸ ਵੱਲੋਂ ਕਈ ਇਜ਼ਰਾਈਲੀ ਸੈਨਿਕਾਂ ਅਤੇ ਨਾਗਰਿਕਾਂ ਨੂੰ ਬੰਧਕ ਵੀ ਬਣਾਇਆ ਗਿਆ ਹੈ, ਪਰ ਬੰਧਕ ਬਣਾਏ ਗਏ ਲੋਕਾਂ ਦੀ ਗਿਣਤੀ ਅਜੇ ਸਪਸ਼ਟ ਨਹੀਂ ਹੈ। ਸੋਸ਼ਲ ਮੀਡੀਆ ‘ਤੇ ਸਾਹਮਣੇ ਆ ਰਹੀਆਂ ਵੀਡੀਓਜ਼ ਅਤੇ ਚਮਸ਼ਦੀਦਾਂ ਅਨੁਸਾਰ ਬੰਧਕ ਬਣਾਏ ਗਏ ਲੋਕਾਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।

ਕਰੀਬ 2 ਮਿਲੀਅਨ ਦੀ ਆਬਾਦੀ ਵਾਲੀ ਗਾਜ਼ਾ ਪੱਟੀ 2007 ਤੋਂ ਬਾਅਦ ਹਮਾਸ ਦੇ ਨਿਯੰਤਰਣ ਵਿਚ ਹੈ। ਹਾਲਾਂਕਿ ਸੰਯੁਕਤ ਰਾਸ਼ਟਰ ਦੇ ਇੱਕ ਸੁਤੰਤਰ ਕਮਿਸ਼ਨ ਦੇ ਅਨੁਸਾਰ ਗਾਜ਼ਾ ਉੱਤੇ ਇਜ਼ਰਾਈਲ ਦਾ ਕਬਜ਼ਾ ਜਾਰੀ ਹੈ ਅਤੇ ਗਾਜ਼ਾ ਵਿਚ ਬਿਜਲੀ ਅਤੇ ਪਾਣੀ ਦੀ ਸਪਲਾਈ ਵੀ ਇਜ਼ਰਾਈਲ ਦੇ ਕੰਟਰੋਲ ਵਿਚ ਹੈ। ਪਿਛਲੇ ਇੱਕ ਸਾਲ ਦੌਰਾਨ, ਇਜ਼ਰਾਈਲ ਦੀ ਸੱਜੇ-ਪੱਖੀ ਸਰਕਾਰ ਨੇ ਕਬਜ਼ੇ ਵਾਲੇ ਵੈਸਟ ਬੈਂਕ ਇਲਾਕੇ ਵਿੱਚ ਇਜ਼ਰਾਈਲੀ ਲੋਕਾਂ ਨੂੰ ਵਸਾਉਣ ਖ਼ਾਤਰ ਨਿਰਮਾਣ ਨੂੰ ਤੇਜ਼ ਕੀਤਾ ਹੈ ਅਤੇ ਨਤੀਜੇ ਵੱਜੋਂ ਹੋਈ ਹਿੰਸਾ ਨੇ ਉੱਥੇ ਸੈਂਕੜੇ ਫ਼ਲਸਤੀਨੀਆਂ ਨੂੰ ਉਜਾੜ ਦਿੱਤਾ ਹੈ। ਇਸੇ ਸਿਲਸਿਲੇ ਵਿਚ ਯਰੂਸ਼ਲਮ ਦੇ ਪਵਿੱਤਰ ਸਥਾਨ ਅਲ-ਅਕਸਾ ਮਸਜਿਦ ਦੇ ਆਲੇ ਦੁਆਲੇ ਤਣਾਅ ਭੜਕ ਗਿਆ ਹੈ।

ਹਮਾਸ ਦੇ ਇੱਕ ਸੀਨੀਅਰ ਅਧਿਕਾਰੀ ਮੂਸਾ ਅਬੂ ਮਾਰਜ਼ੂਕ ਨੇ ਅਰਬ ਲੀਗ ਦੇ ਨਿਊਜ਼ ਅਦਾਰੇ ਅਲ-ਗ਼ਾਜ਼ ਨੂੰ ਦੱਸਿਆ ਕਿ ਹਮਾਸ ਨੇ 100 ਤੋਂ ਵੱਧ ਇਜ਼ਰਾਈਲੀਆਂ ਨੂੰ ਬੰਧਕ ਬਣਾਇਆ ਹੈ।ਗਲੋਬਲ ਅਫੇਅਰਜ਼ ਕੈਨੇਡਾ ਨੇ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਇਲਾਕੇ ਵਿਚ ਇੱਕ ਕੈਨੇਡੀਅਨ ਦੀ ਮੌਤ ਹੋਈ ਹੈ ਅਤੇ ਦੋ ਹੋਰ ਲਾਪਤਾ ਹਨ। ਕੈਨੇਡਾ ਸਰਕਾਰ ਇਜ਼ਰਾਈਲ ਅਤੇ ਲੋਕਲ ਅਧਿਕਾਰੀਆਂ ਨਾਲ ਇਸ ਗੱਲ ਦੀ ਪੁਸ਼ਟੀ ਕਰਨ ਅਤੇ ਹੋਰ ਜਾਣਕਾਰੀ ਲੈਣ ਲਈ ਸੰਪਰਕ ਵਿਚ ਹੈ। ਵਿਦੇਸ਼ਾਂ ਵਿਚ ਰਹਿਣ ਵਾਲੇ ਕੈਨੇਡੀਅਨਜ਼ ਦੁਆਰਾ ਵੁਲੰਟੀਅਰ ਤੌਰ ‘ਤੇ ਕਰਵਾਈ ਰਜਿਸਟ੍ਰੇਸ਼ਨ ਅਨੁਸਾਰ, 1,419 ਕੈਨੇਡੀਅਨ ਇਜ਼ਰਾਈਲ ਅਤੇ 492 ਕੈਨੇਡੀਅਨਜ਼ ਵੈਸਟ ਬੈਂਕ ਅਤੇ ਗਾਜ਼ਾ ਵਿਚ ਰਜਿਸਟਰਡ ਹਨ।