ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਿਸੀਸਾਗਾ-ਲੇਕਸ਼ੋਰ ਰਾਈਡਿੰਗ ਵਿਚ ਜਿਮਨੀ ਚੋਣਾਂ ਦੀ ਤਾਰੀਖ਼ ਦਾ ਐਲਾਨ ਕਰ ਦਿੱਤਾ ਹੈ। ਇਸ ਰਾਈਡਿੰਗ ਦੇ ਲੋਕ ਆਪਣਾ ਨਵਾਂ ਮੈਂਬਰ ਪਾਰਲੀਮੈਂਟ ਚੁਣਨ ਲਈ 12 ਦਸੰਬਰ ਨੂੰ ਵੋਟਾਂ ਪਾਉਣਗੇ। ਸਾਬਕਾ ਲਿਬਰਲ ਐਮਪੀ ਸਵੈਨ ਸਪੈਂਗਾਮੈਨ ਵੱਲੋਂ ਸੰਯੁਕਤ ਰਾਸ਼ਟਰ ਵਿਚ ਨਵਾਂ ਅਹੁਦਾ ਸੰਭਾਲਣ ਲਈ ਅਸਤੀਫ਼ਾ ਦੇਣ ਤੋਂ ਬਾਅਦ ਇਹ ਸੀਟ ਖ਼ਾਲੀ ਹੋ ਗਈ ਸੀ।
ਲਿਬਰਲਾਂ ਨੂੰ ਉਮੀਦ ਹੈ ਕਿ ਓਨਟੇਰਿਓ ਦੇ ਸਾਬਕਾ ਫ਼ਾਈਨੈਂਸ ਮਿਨਿਸਟਰ ਚਾਰਲਜ਼ ਸੂਜ਼ਾ ਚੋਣ ਜਿੱਤ ਕੇ ਇਹ ਨਵਾਂ ਅਹੁਦਾ ਸੰਭਾਲ ਲੈਣਗੇ। ਸੂਜ਼ਾ ਸੂਬਾਈ ਲਜਿਸਲੇਚਰ ਵਿਚ ਇਸ ਰਾਈਡਿੰਗ ਦੀ ਇੱਕ ਦਹਾਕੇ ਤੋਂ ਵੱਧ ਸਮਾਂ ਨੁਮਾਇੰਦਗੀ ਕਰ ਚੁੱਕੇ ਹਨ।
ਪੀਅਰ ਪੌਲੀਐਵ ਦੇ ਕੰਜ਼ਰਵੇਟਿਵ ਲੀਡਰ ਬਣਨ ਤੋਂ ਬਾਅਦ ਇਹ ਪਹਿਲਾ ਫ਼ੈਡਰਲ ਮੁਕਾਬਲਾ ਹੈ। ਪੀਲ ਪੁਲਿਸ ਅਫ਼ਸਰ ਰੌਨ ਸ਼ਿੰਜ਼ਰ ਨੇ ਕੰਜ਼ਰਵੇਟਿਵ ਪਾਰਟੀ ਵੱਲੋਂ ਇਸ ਰਾਈਡਿੰਗ ਤੋਂ ਜਿਮਨੀ ਚੋਣ ਲੜਨ ਦਾ ਇਰਾਦਾ ਕੀਤਾ ਹੈ। ਸਾਬਕਾ ਸੂਬਾਈ ਕੰਸਟੀਚੂਐਂਸੀ ਅਸਿਸਟੈਂਟ ਜੂਲੀਆ ਕੋਲ ਐਨਡੀਪੀ ਉਮੀਦਵਾਰ ਹਨ ਅਤੇ ਫ਼ੈਡਰਲ ਗ੍ਰੀਨ ਪਾਰਟੀ ਤਰਫ਼ੋਂ ਮੈਰੀ ਕਿਡਨਿਊ ਚੋਣ ਮੈਦਾਨ ਵਿਚ ਹਨ।