ਕੈਨੇਡਾ ਸਰਕਾਰ ਵਿਜ਼ਟਰ ਵੀਜ਼ੇ ਹੁਣ ਖੁੱਲੇ ਦਿਲ ਨਾਲ ਵੀਜ਼ੇ ਦੇ ਰਹੀ ਹੈ। ਇਸ ਤੋਂ ਇਲਾਵਾ ਕੈਨੇਡਾ ਨੇ ਵੱਡੀ ਛੋਟ ਦਿੰਦਿਆਂ ਨੈਨੀ ਵੀਜ਼ੇ ਲਈ ਤਜਰਬੇ ਦੀ ਸ਼ਰਤ 24 ਮਹੀਨੇ ਤੋਂ ਘਟਾ ਕੇ 12 ਮਹੀਨੇ ਕਰ ਦਿੱਤੀ ਹੈ। ਐਕਸਪ੍ਰੈਸ ਐਂਟਰੀ ਅਧੀਨ ਚਾਰ ਸ਼੍ਰੇਣੀਆਂ ਵਿੱਚ ਐਪਲੀਕੇਸ਼ਨ ਟ੍ਰੈਕਿੰਗ ਸੇਵਾ ਸ਼ੁਰੂ ਕੀਤੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਮੀਗ੍ਰੇਸ਼ਨ ਵਿਭਾਗ ਨੂੰ ਕਿਹਾ ਹੈ ਕਿ ਵਿਜ਼ਟਰ ਵੀਜ਼ਾ ਵਾਲੀਆਂ ਅਰਜ਼ੀਆਂ ‘ਤੇ ਨਰਮਦਿਲੀ ਨਾਲ ਵਿਚਾਰ ਕੀਤਾ ਜਾਵੇ। ਵਿਜ਼ਟਰ ਵੀਜ਼ਾ ਮੰਗਣ ਵਾਲੇ ਆਪਣੀ ਨੌਕਰੀ, ਮਕਾਨ ਦੇ ਮਾਲਕ ਹੋਣ ਅਤੇ ਜੱਦੀ ਮੁਲਕ ‘ਚ ਚੰਗੇ ਰੁਤਬੇ ਵਰਗੀਆਂ ਗੱਲਾਂ ਆਸਾਨੀ ਨਾਲ ਇਮੀਗ੍ਰੇਸ਼ਨ ਅਧਿਕਾਰੀਆਂ ਕੋਲ ਸਾਬਤ ਕਰ ਸਕਦੇ ਹਨ।
ਓਟਵਾ ਦੇ ਐਲਗੌਨਕੁਇਨ ਕਾਲਜ ‘ਚ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਇਹ ਟਿੱਪਣੀਆਂ ਕੀਤੀਆਂ। ਜ਼ਿਆਦਾਤਰ ਵਿਦਿਆਰਥੀ ਇੰਟਰਨੈਸ਼ਨਲ ਸਟੂਡੈਂਟਸ ਸਨ ਅਤੇ ਕਈਆਂ ਨੇ ਵੀਜ਼ਾ ਮੁਸ਼ਕਲਾਂ ਦਾ ਜ਼ਿਕਰ ਕੀਤਾ। ਸਵਾਲ-ਜਵਾਬ ਦੌਰਾਨ ਇੱਕ ਕੌਮਾਂਤਰੀ ਵਿਦਿਆਰਥਣ ਨੇ ਉਨ੍ਹਾਂ 7 ਮਹੀਨਿਆਂ ਦਾ ਜ਼ਿਕਰ ਕੀਤਾ ਜਦੋਂ ਉਹ ਹਸਪਤਾਲ ਦਾਖ਼ਲ ਰਹੀ ਅਤੇ ਕੈਨੇਡਾ ‘ਚ ਉਸ ਦਾ ਕੋਈ ਪਰਿਵਾਰਕ ਮੈਂਬਰ ਵੀ ਨਹੀਂ ਸੀ। ਉਸ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਸ ਦੀ ਮਾਂ ਨੇ ਦੋ ਵਾਰ ਵੀਜ਼ਾ ਲਈ ਕੋਸ਼ਿਸ਼ ਕੀਤੀ ਪਰ ਦੋਵੇਂ ਵਾਰ ਵੀਜ਼ਾ ਨਹੀਂ ਲੱਗਿਆ। ਪ੍ਰਧਾਨ ਮੰਤਰੀ ਨੇ ਉਸ ਕੁੜੀ ਅੱਗੇ ਮੰਨਿਆ ਕਿ ਇਮੀਗ੍ਰੇਸ਼ਨ ਵਿਭਾਗ ਨੇ ਉਸ ਦੀ ਮਾਂ ਨੂੰ ਵੀਜ਼ਾ ਨਾ ਦੇ ਕੇ ਵੱਡੀ ਗਲਤੀ ਕੀਤੀ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਕ ਪਾਸੇ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਕਿਰਤੀਆਂ ਦੀ ਕਿਲਤ ਦੀ ਚੁਣੌਤੀ ਨਾਲ ਜੂਝ ਰਿਹਾ ਹੈ ਜਦਕਿ ਦੂਜੇ ਪਾਸੇ ਵੱਖ-ਵੱਖ ਕਾਰਨਾਂ ਕਰ ਕੇ ਵਿਦੇਸ਼ਾਂ ਵਿਚ ਲੋਕ ਆਪਣੇ ਘਰ-ਬਾਰ ਛੱਡ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇੰਮੀਗ੍ਰੇਸ਼ਨ ਵਿਰੋਧੀ ਕੋਈ ਵੀ ਪਾਰਟੀ ਕੈਨੇਡਾ ‘ਚ ਸਫ਼ਲ ਨਹੀਂ ਹੋ ਸਕਦੀ ਕਿਉਂਕਿ ਜ਼ਿਆਦਾਤਰ ਕੈਨੇਡੀਅਨ ਸਮਝਦੇ ਹਨ ਕਿ ਇਮੀਗ੍ਰੇਸ਼ਨ ਸਾਡੇ ਲਈ ਕਿੰਨੀ ਜ਼ਰੂਰੀ ਹੈ।