ਫ਼ੈਡਰਲ ਸਰਕਾਰ ਨੇ ਸੂਬਿਆਂ ਨੂੰ ਕੋਵਿਡ-19 ਰੈਪਿਡ ਟੈਸਟ ਕਿੱਟਸ ਸਪਲਾਈ ਕਰਨ ਦਾ ਸਿਲਸਿਲਾ ਸਮਾਪਤ ਕਰ ਦਿੱਤਾ ਹੈ, ਕਿਉਂਕਿ ਲੱਖਾਂ ਕਿੱਟਸ ਐਕਸਪਾਇਰ ਹੋ ਰਹੀਆਂ ਹਨ। ਮਾਹਰਾਂ ਦਾ ਕਹਿਣਾ ਹੈ ਕਿ ਕਿਸੇ ਵੇਲੇ ਇੱਕ ਅਹਿਮ ਟੂਲ ਰਹੀਆਂ ਇਹ ਟੈਸਟ ਕਿੱਟਸ ਹੁਣ ਆਪਣਾ ਮਹੱਤਵ ਗੁਆ ਚੁੱਕੀਆਂ ਹਨ। ਹੈਲਥ ਕੈਨੇਡਾ ਨੇ ਦੱਸਿਆ ਕਿ ਫ਼ੈਡਰਲ ਭੰਡਾਰ ਵਿਚ ਇਸ ਸਮੇਂ 90 ਮਿਲੀਅਨ ਰੈਪਿਡ ਟੈਸਟ ਕਿੱਟਸ ਮੌਜੂਦ ਹਨ। ਇਨ੍ਹਾਂ ਵਿੱਚੋਂ ਕਰੀਬ 80,000 ਦੀ ਮਿਆਦ ਛੇ ਮਹੀਨਿਆਂ ਦੇ ਅੰਦਰ ਅਤੇ 6.5 ਮਿਲੀਅਨ ਦੀ ਇੱਕ ਸਾਲ ਦੇ ਅੰਦਰ ਖ਼ਤਮ ਹੋਣ ਵਾਲੀ ਹੈ। ਬਾਕੀ ਦੋ ਸਾਲ ਦੇ ਅੰਦਰ ਐਕਸਪਾਇਰ ਹੋ ਰਹੀਆਂ ਹਨ। ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਕੈਨੇਡਾ ਨੇ 811 ਮਿਲੀਅਨ ਰੈਪਿਡ ਟੈਸਟ ਕਿੱਟਸ ਦਾ ਆਰਡਰ ਦਿੱਤਾ ਸੀ, ਜਿਸ ‘ਤੇ 5 ਬਿਲੀਅਨ ਡਾਲਰ ਦਾ ਖ਼ਰਚ ਆਇਆ ਸੀ। ਇਨ੍ਹਾਂ ਵਿਚੋਂ 680 ਮਿਲੀਅਨ ਕਿੱਟਸ ਸੂਬਿਆਂ ਅਤੇ ਪ੍ਰਦੇਸ਼ਾਂ ਨੂੰ ਭੇਜੀਆਂ ਜਾ ਚੁੱਕੀਆਂ ਹਨ।
2021 ਦੇ ਅਖ਼ੀਰ ਵਿਚ ਕੋਵਿਡ ਦੀ ਚੌਥੀ ਵੇਵ ਨੇ ਜਿਸ ਵੇਲੇ ਮੁਲਕ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ, ਉਦੋਂ ਹਰੇਕ ਰੀਜਨ ਵੱਧ ਤੋਂ ਵੱਧ ਟੈਸਟ ਕਰਵਾਉਣ ਦੇ ਯਤਨ ਕਰ ਰਿਹਾ ਸੀ। ਕਈ ਸੂਬਿਆਂ ਵਿਚ ਹਸਪਤਾਲ ਆਪਣੀ ਸਮਰੱਥਾ ਤੋਂ ਵੱਧ ਕੰਮ ਕਰ ਰਹੇ ਸਨ ਅਤੇ ਅਜਿਹੇ ਵਿਚ ਟੈਸਟ ਕਿੱਟਸ ਕੋਵਿਡ ਰਿਸਪਾਂਸ ਦਾ ਇੱਕ ਅਹਿਮ ਹਿੱਸਾ ਬਣ ਗਈਆਂ ਸਨ। ਯੂਨਿਵਰਸਿਟੀ ਔਫ਼ ਬ੍ਰਿਟਿਸ਼ ਕੋਲੰਬੀਆ ਦੇ ਪ੍ਰੋਫ਼ੈਸਰ, ਮਹੇਸ਼ ਨਾਗਰਾਜਨ ਨੇ ਕਿਹਾ ਕਿ ਹੁਣ ਦੋ ਸਾਲ ਬਾਅਦ ਬਿਲਕੁਲ ਵੱਖਰੀ ਸਥਿਤੀ ਹੈ ਅਤੇ ਇਸ ਸਮੇਂ ਹੋਰ ਕਿੱਟਸ ਖ਼ਰੀਦਣ ਦੀ ਜ਼ਰੂਰਤ ਨਹੀਂ ਹੈ। ਉਹਨਾਂ ਕਿਹਾ ਕਿ ਕੈਨੇਡਾ ਕੋਲ ਹੁਣ ਭਰੋਸੇਯੋਗ ਸਪਲਾਇਰ ਮੌਜੂਦ ਹਨ ਅਤੇ ਜ਼ਰੂਰਤ ਦੇ ਅਧਾਰ ‘ਤੇ ਡਿਲੀਵਰੀ ਕਰਵਾਈ ਜਾ ਸਕਦੀ ਹੈ। ਹੈਲਥ ਕੈਨੇਡਾ ਨੇ ਕਿਹਾ ਕਿ ਜਨਵਰੀ ਦੇ ਅੰਤ ਵਿੱਚ ਕਿੱਟਸ ਦੀ ਸਪਲਾਈ ਨੂੰ ਖ਼ਤਮ ਕਰਨ ਦਾ ਫ਼ੈਸਲਾ ਸੂਬਿਆਂ ਅਤੇ ਪ੍ਰਦੇਸ਼ਾਂ ਦੇ ਸਹਿਯੋਗ ਨਾਲ ਲਿਆ ਗਿਆ ਸੀ, ਕਿਉਂਕਿ ਉਹਨਾਂ ਕੋਲ ਲੋੜੀਂਦੀ ਸਪਲਾਈ ਮੌਜੂਦ ਹੈ।
ਦ ਕੈਨੇਡੀਅਨ ਪ੍ਰੈੱਸ