ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਅਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਵੀਰਵਾਰ ਨੂੰ ਦਿੱਲੀ ‘ਚ ਸੰਖੇਪ ਬੈਠਕ ਕੀਤੀ। ਯੂਕ੍ਰੇਨ ਵਿਵਾਦ ਦੌਰਾਨ ਪਿਛਲੇ ਕੁਝ ਮਹੀਨਿਆਂ ‘ਚ ਦੋਵਾਂ ਦੇਸ਼ਾਂ ਵਿਚਾਲੇ ਇਹ ਪਹਿਲੀ ਉੱਚ ਪੱਧਰੀ ਮੀਟਿੰਗ ਸੀ। ਦੋਵਾਂ ਨੇਤਾਵਾਂ ਨੇ ਲਗਭਗ 10 ਮਿੰਟ ਤੱਕ ਗੱਲਬਾਤ ਕੀਤੀ ਅਤੇ ਬਲਿੰਕਨ ਨੇ ਲਾਵਰੋਵ ਨੂੰ ਕਿਹਾ ਕਿ ਅਮਰੀਕਾ ਯੂਕ੍ਰੇਨ ਨੂੰ ਸਮਰਥਨ ਦੇਣਾ ਜਾਰੀ ਰੱਖੇਗਾ। ਇਕ ਰੂਸੀ ਅਧਿਕਾਰੀ ਨੇ ਕਿਹਾ ਕਿ ਬਲਿੰਕਨ ਤੇ ਲਾਵਰੋਵ ਨੇ ਜੀ-20 ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਇਲਾਵਾ ਸੰਖੇਪ ਗੱਲਬਾਤ ਕੀਤੀ।
ਦੋਵਾਂ ਨੇਤਾਵਾਂ ਦੀ ਮੁਲਾਕਾਤ ਰੂਸ ਵੱਲੋਂ ਪ੍ਰਮਾਣੂ ਹਥਿਆਰਾਂ ‘ਤੇ ਅਮਰੀਕਾ ਨਾਲ ਨਿਊ ਸਟਾਰਟ ਸੰਧੀ ‘ਚ ਆਪਣੀ ਹਿੱਸੇਦਾਰੀ ਨੂੰ ਮੁਅੱਤਲ ਕਰਨ ਦੇ ਐਲਾਨ ਤੋਂ ਇਕ ਹਫਤੇ ਬਾਅਦ ਹੋਈ ਹੈ। ਬਲਿੰਕਨ ਨੇ ਜੀ-20 ਬੈਠਕ ਨੂੰ ਕਿਹਾ, “ਸਾਨੂੰ ਰੂਸ ਨੂੰ ਆਪਣੀ ਜੰਗ ਖਤਮ ਕਰਨ ਅਤੇ ਅੰਤਰਰਾਸ਼ਟਰੀ ਸ਼ਾਂਤੀ ਤੇ ਆਰਥਿਕ ਸਥਿਰਤਾ ਦੀ ਖਾਤਰ ਯੂਕ੍ਰੇਨ ਤੋਂ ਫੌਜਾਂ ਨੂੰ ਵਾਪਸ ਬੁਲਾਉਣ ਲਈ ਕਿਹਾ ਜਾਣਾ ਚਾਹੀਦਾ ਹੈ।”