ਕੈਨੇਡੀਅਨਜ਼ ਨੂੰ ਪੈਸੇ ਬਦਲੇ ਜਲਦੀ ਸਿਹਤ ਸਹੂਲਤਾਂ ਦੀ ਪੇਸ਼ਕਸ਼ ਕਰਨ ਵਾਲੀਆਂ ਕੰਪਨੀਆਂ ‘ਤੇ ਫ਼ੈਡਰਲ ਸਰਕਾਰ ਵੱਲੋਂ ਸਖ਼ਤੀ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਫ਼ੈਡਰਲ ਹੈਲਥ ਮਿਨਿਸਟਰ ਯੌਂ-ਈਵ ਡਿਉਕਲੋ ਪ੍ਰੋਵਿੰਸਜ਼ ਨੂੰ ਇਸ ਨੂੰ ਰੋਕਣ ਲਈ ਕਹਿ ਰਹੇ ਹਨ ਅਤੇ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਜਾਰੀ ਰਿਹਾ ਤਾਂ ਫ਼ੈਡਰਲ ਹੈਲਥ ਟ੍ਰਾਂਸਫ਼ਰ ਭੁਗਤਾਨ ਨੂੰ ਵਾਪਿਸ ਲੈ ਲਿਆ ਜਾਵੇਗਾ।
ਫ਼ੈਡਰਲ ਹੈਲਥ ਮਿਨਿਸਟਰ ਨੇ ਕਿਹਾ ਮੈਂ ਡਾਕਟਰੀ ਤੌਰ ‘ਤੇ ਜ਼ਰੂਰੀ ਸੇਵਾਵਾਂ ਲਈ ਮਰੀਜ਼ਾਂ ਦੇ ਖਰਚਿਆਂ ਦੀਆਂ ਰਿਪੋਰਟਾਂ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਤੋਂ ਬਹੁਤ ਚਿੰਤਤ ਹਾਂ। ਮਨਿਸਟਰ ਨੇ ਕਿਹਾ ਕੈਨੇਡੀਅਨ ਦੇਸ਼ ਵਿਚ ਕਿਤੇ ਵੀ ਰਹਿ ਰਹੇ ਹੋਣ , ਉਹਨਾਂ ਨੂੰ ਲੋੜੀਂਦੀ ਦੇਖ਼ਭਾਲ ਜੇਬ ਵਿੱਚੋਂ ਭੁਗਤਾਨ ਕੀਤੇ ਬਿਨ੍ਹਾਂ ਮਿਲਣੀ ਚਾਹੀਦੀ ਹੈ। ਇੱਕ ਸੀਨੀਅਰ ਸਰਕਾਰੀ ਅਧਿਕਾਰੀ ਦੇ ਅਨੁਸਾਰ, ਫੈਮਿਲੀ ਫਿਜ਼ੀਸ਼ੀਅਨ ਨਾਲ ਵਰਚੁਅਲ ਮੁਲਾਕਾਤਾਂ ਲਈ ਮਰੀਜ਼ਾਂ ਤੋਂ ਚਾਰਜ ਕਰਨ ਵਾਲੀਆਂ ਕੰਪਨੀਆਂ ਸਰਕਾਰ ਦੇ ਨਿਸ਼ਾਨੇ ‘ਤੇ ਹਨ।
ਹਾਲਾਂਕਿ ਕੈਨੇਡਾ ਹੈਲਥ ਐਕਟ ਡਾਕਟਰੀ ਤੌਰ ‘ਤੇ ਲੋੜੀਂਦੀਆਂ ਸੇਵਾਵਾਂ ਲਈ ਬੀਮਾ ਪ੍ਰਾਪਤ ਵਿਅਕਤੀਆਂ ਤੋਂ ਪੈਸੇ ਵਸੂਲ ਕਰਨ ਦੀ ਮਨਾਹੀ ਕਰਦਾ ਹੈ ਪਰ ਹਾਲ ਹੀ ਵਿੱਚ ਦੇਸ਼ ਭਰ ਵਿੱਚ ਔਨਲਾਈਨ ਡਾਕਟਰਾਂ ਦੀ ਅਪੋਇੰਟਮੈਂਟ ਦੀ ਪੇਸ਼ਕਸ਼ ਕਰਨ ਵਾਲੀਆਂ ਕੰਪਨੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਅਤੇ ਪ੍ਰਤੀ ਮੁਲਾਕਾਤ $50 ਤੋਂ $100 ਫੀਸ ਵਸੂਲ ਕੀਤੀ ਗਈ ਹੈ।
ਹੈਲਥ ਮਨਿਸਟਰ ਨੇ ਕਿਹਾ ਹੈ ਕਿ ਵਰਚੁਅਲ ਪਲੇਟਫਾਰਮਾਂ ਦੀ ਵਰਤੋਂ ਕਰਦੇ ਹੋਏ ਸਿਹਤ ਦੇਖਭਾਲ ਤੱਕ ਵਿਸਤ੍ਰਿਤ ਪਹੁੰਚ ਕੈਨੇਡਾ ਹੈਲਥ ਐਕਟ ਦੇ ਅਨੁਸਾਰ ਹੋਣੀ ਚਾਹੀਦੀ ਹੈ। ਮਨਿਸਟਰ ਨੇ ਕਿਹਾ ਜਿਵੇਂ ਕਿ ਸਾਡੀ ਸਿਹਤ ਸੰਭਾਲ ਪ੍ਰਣਾਲੀ ਵਿਕਸਿਤ ਹੋ ਰਹੀ ਹੈ, ਇਸ ਨੂੰ ਕੈਨੇਡਾ ਹੈਲਥ ਐਕਟ ਦਾ ਆਦਰ ਕਰਦੇ ਹੋਏ ਅਜਿਹਾ ਕਰਨਾ ਚਾਹੀਦਾ ਹੈ।
ਕੰਪਨੀ ਦੀ ਵੈੱਬਸਾਈਟ ਮੁਤਾਬਿਕ ਕੰਪਨੀ ਸੇਵਾਵਾਂ ਲਈ ਸਿਰਫ਼ ਉਦੋਂ ਹੀ ਫ਼ੀਸ ਲੈਂਦੀ ਹੈ ਜਦੋਂ ਉਹ ਸੂਬਾਈ ਸਿਹਤ ਯੋਜਨਾਵਾਂ ਦੁਆਰਾ ਕਵਰ ਨਹੀਂ ਕੀਤੀਆਂ ਜਾਂਦੀਆਂ। ਮਨਿਸਟਰ ਨੇ ਕਿਹਾ ਕੈਨੇਡੀਅਨ ਆਪਣੀਆਂ ਸਿਹਤ ਸੇਵਾਵਾਂ ਲਈ ਆਪਣੇ ਟੈਕਸ ਰਾਹੀਂ ਭੁਗਤਾਨ ਕਰਦੇ ਹਨ, ਅਤੇ ਉਹਨਾਂ ਨੂੰ ਸੇਵਾਵਾਂ ਤੱਕ ਪਹੁੰਚ ਕਰਨ ਦੀ ਲੋੜ ਪੈਣ ‘ਤੇ ਮਰੀਜ਼ਾਂ ਦੇ ਖਰਚਿਆਂ ਦੇ ਰੂਪ ਵਿੱਚ ਦੁਬਾਰਾ ਭੁਗਤਾਨ ਕਰਨ ਲਈ ਨਹੀਂ ਕਿਹਾ ਜਾਣਾ ਚਾਹੀਦਾ ਹੈ।
ਸੀਬੀਸੀ ਨਿਊਜ਼