ਪਬਲਿਕ ਸਰਵਿੰਸ ਅਲਾਇੰਸ ਔਫ਼ ਕੈਨੇਡਾ (PSAC) ਅਤੇ ਟ੍ਰੈਜ਼ਰੀ ਬੋਰਡ ਦਰਮਿਆਨ ਅਸਥਾਈ ਸਮਝੌਤਾ ਹੋ ਗਿਆ ਹੈ, ਜਿਸ ਦਾ ਅਰਥ ਹੈ ਕਿ ਟ੍ਰੈਜ਼ਰੀ ਬੋਰਡ ਦੇ ਤਹਿਤ ਆਉਣ ਵਾਲੇ 120,000 ਫ਼ੈਡਰਲ ਵਰਕਰਾਂ ਦੀ ਹੜਤਾਲ ਖ਼ਤਮ ਹੋ ਗਈ ਹੈ। ਇਹ ਫ਼ੈਡਰਲ ਵਰਕਰ ਸੋਮਵਾਰ ਸਵੇਰੇ 9 ਵਜੇ ਤੋਂ ਜਾਂ ਆਪਣੀ ਅਗਲੀ ਨਿਰਧਾਰਿਤ ਸ਼ਿਫ਼ਟ ਤੋਂ ਆਪਣੇ ਕੰਮ ‘ਤੇ ਪਰਤਣ ਦੇ ਪਾਬੰਦ ਹਨ।
PSAC ਨੇ ਕਿਹਾ ਕਿ ਕੈਨੇਡਾ ਰੈਵਨਿਊ ਏਜੰਸੀ ਦੇ 35,000 ਵਰਕਰਾਂ ਲਈ ਸਮੂਹਿਕ ਸਮਝੌਤੇ ‘ਤੇ ਗੱਲਬਾਤ ਜਾਰੀ ਹੈ ਅਤੇ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ। ਘਰੋਂ ਕੰਮ ਕਰਨਾ, ਤਨਖ਼ਾਹਾਂ ਅਤੇ ਨੌਕਰੀ ਦੀ ਸੁਰੱਖਿਆ ਵਰਗੇ ਕਈ ਅਹਿਮ ਮੁੁੁੱਦੇ ਗੱਲਬਾਤ ਦਾ ਵਿਸ਼ਾ ਹਨ। ਟ੍ਰੈਜ਼ਰੀ ਬੋਰਡ ਨੇ ਅਸਥਾਈ ਸਮਝੌਤੇ ਦੀ ਪੁਸ਼ਟੀ ਕੀਤੀ, ਜਿਸ ਵਿਚ ਪਰਿਵਾਰਕ-ਸਬੰਧੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਤਨਖ਼ਾਹ ਦੇ ਨਾਲ ਛੁੱਟੀ ਦਾ ਪ੍ਰਬੰਧ ਅਤੇ ਮੂਲਨਿਵਾਸੀ ਵਰਕਰਾਂ ਲਈ ਰਵਾਇਤੀ ਅਭਿਆਸਾਂ ਵਿਚ ਹਿੱਸਾ ਲੈਣ ਲਈ ਨਵੀਂ ਪੇਡ ਛੁੱਟੀ ਸ਼ਾਮਲ ਹੈ।
PSAC ਦੀ ਇਸ ਹੜਤਾਲ ਨੂੰ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਹੜਤਾਲ ਮੰਨਿਆ ਜਾ ਰਿਹਾ ਹੈ। ਇਸ ਹੜਤਾਲ ਦੌਰਾਨ ਕਈ ਅਹਿਮ ਸਰਕਾਰੀ ਸੇਵਾਵਾਂ ਜਿਵੇਂ ਪਾਸਪੋਰਟ ਅਰਜ਼ੀਆਂ, ਇਮੀਗ੍ਰੇਸ਼ਨ ਅਰਜ਼ੀਆਂ ਅਤੇ ਨਵੀਂ ਇੰਪਲੋਇਮੈਂਟ ਇੰਸ਼ੋਰੈਂਸ ਪ੍ਰਭਾਵਿਤ ਹੋਈਆਂ ਸਨ।