ਅੰਕੜਿਆਂ ਮੁਤਾਬਿਕ ਸਾਲ 2022 ਦੌਰਾਨ 3 ਲੱਖ ਤੋਂ ਵਧੇਰੇ ਲੋਕਾਂ ਨੇ ਕੈਨੇਡਾ ਦੀ ਨਾਗਰਿਕਤਾ ਹਾਸਿਲ ਕੀਤੀ ਹੈ । ਇਮੀਗ੍ਰੇਸ਼ਨ ਮੰਤਰਾਲੇ ਨੇ ਕਿਹਾ ਹੈ ਕਿ ਕੈਨੇਡਾ ਨੂੰ ਇਸ ਗੱਲ ‘ਤੇ ਮਾਣ ਹੈ ਕਿ ਪਿਛਲੇ ਸਾਲ ਲਗਭਗ 364,000 ਬਿਨੈਕਾਰਾਂ ਨੇ ਨਾਗਰਿਕਤਾ ਹਾਸਿਲ ਕੀਤੀ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਹੀ 85,000 ਨਵੇਂ ਪ੍ਰਵਾਸੀ ਕੈਨੇਡਾ ਆਏ ਹਨ। ਅਪ੍ਰੈਲ 2022 ਤੋਂ ਮਾਰਚ 2023 ਦੇ ਦੌਰਾਨ ਲਗਭਗ 30,000 ਲੋਕਾਂ ਨੇ ਹਰ ਮਹੀਨੇ ਨਾਗਰਿਕਤਾ ਦੀ ਸਹੁੰ ਚੁੱਕੀ ਹੈ ਅਤੇ ਇਹ ਅੰਕੜੇ ਕੋਵਿਡ-19 ਮਹਾਂਮਾਰੀ ਤੋਂ ਪਹਿਲਾਂ ਦੇ ਸਮੇਂ ਤੋਂ ਵੱਧ ਹਨ ।
ਉਨਾਂ ਕਿਹਾ ਕਿ ਬਿਨੈਕਾਰਾਂ ਨੂੰ ਆਪਣੀ ਅਰਜ਼ੀ ਬਾਰੇ ਅਪਡੇਟ ਮੁਹਈਆ ਕਰਾਉਣ ਲਈ ਵਿਭਾਗ ਵੱਲੋਂ ਲੋੜੀਂਦੇ ਕਦਮ ਚੁੱਕੇ ਗਏ ਹਨ। ਮਈ 2021 ਵਿੱਚ ਅਰਜ਼ੀ ਨੂੰ ਔਨਲਾਈਨ ਟਰੈਕ ਕਰਨ ਲਈ ਟ੍ਰੈਕਰ ਸ਼ੁਰੂ ਕੀਤਾ ਗਿਆ ਸੀ। ਇਮੀਗ੍ਰੇਸ਼ਨ ਮੰਤਰਾਲੇ ਮੁਤਾਬਿਕ ਔਨਲਾਈਨ ਟੈਸਟਿੰਗ ਪਲੇਟਫ਼ਾਰਮ ਲਾਂਚ ਕੀਤੇ ਜਾਣ ਤੋਂ ਬਾਅਦ 26 ਨਵੰਬਰ 2020 ਤੋਂ 31 ਮਾਰਚ 2023 ਤੱਕ ਲਗਭਗ 546,000 ਲੋਕਾਂ ਨੇ ਆਨਲਾਈਨ ਨਾਗਰਿਕਤਾ ਟੈਸਟ ਦਿੱਤੇ ਹਨ।