ਇਮੀਗ੍ਰੇਸ਼ਨ ਮੰਤਰੀ ਮਾਰਕ ਮਿੱਲਰ ਦਾ ਕਹਿਣਾ ਹੈ ਕਿ ਇਸ ਸਾਲ ਕੈਨੇਡਾ 900,000 ਇੰਟਰਨੈਸ਼ਨਲ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਤਿਆਰ ਹੈ। ਕੈਨੇਡਾ ਦੇ ਇਤਿਹਾਸ ਵਿੱਚ ਇਹ ਅੰਕੜਾ ਕਾਫੀ ਵੱਧ ਹੈ। ਕੈਨੇਡਾ ਵਿੱਚ ਦਾਖਲ ਹੋਣ ਵਾਲੇ ਇੰਟਰਨੈਸ਼ਨਲ ਵਿਦਿਆਰਥੀਆਂ ਦੀ ਵੱਧ ਰਹੀ ਗਿਣਤੀ ਨਾਲ ਨਾ ਸਿਰਫ ਹਾਊਸਿੰਗ ਸਬੰਧੀ ਚਿੰਤਾ ਵਧੀ ਹੈ ਸਗੋਂ ਇਮੀਗ੍ਰੇਸ਼ਨ ਸਿਸਟਮ ਵਿੱਚ ਕੈਨੇਡੀਅਨਜ਼ ਦਾ ਵਿਸ਼ਵਾਸ ਵੀ ਹਿੱਲ ਗਿਆ ਹੈ।
ਇੰਟਰਨੈਸ਼ਨਲ ਵਿਦਿਆਰਥੀਆਂ ਦੀ ਗਿਣਤੀ ਵਿੱਚ ਹੋ ਰਹੇ ਇਸ ਵਾਧੇ ਨੂੰ ਵੇਖਦਿਆਂ ਨਵੇਂ ਹਾਊਸਿੰਗ ਮੰਤਰੀ ਸ਼ੌਨ ਫਰੇਜ਼ਰ ਨੇ ਕੈਨੇਡਾ ਆਉਣ ਵਾਲੇ ਇੰਟਰਨੈਸ਼ਨਲ ਵਿਦਿਆਰਥੀਆਂ ਉੱਤੇ ਸੰਭਾਵੀ ਰੋਕ ਲਾਉਣ ਦਾ ਵਿਚਾਰ ਪ੍ਰਗਟਾਇਆ ਸੀ। ਪਰ ਮਿੱਲਰ ਨੇ ਆਖਿਆ ਕਿ ਵਿਦਿਆਰਥੀਆਂ ਉੱਤੇ ਰੋਕ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਕੁੱਝ ਲੋਕ ਹਨ ਜਿਹੜੇ ਸਿਸਟਮ ਨੂੰ ਖੋਰਾ ਲਾਉਣ ਦੀ ਕੋਸਿ਼ਸ਼ ਕਰ ਰਹੇ ਹਨ, ਇਸ ਨਾਲ ਕਾਨੂੰਨੀ ਢੰਗ ਨਾਲ ਕੈਨੇਡਾ ਆਉਣ ਵਾਲਿਆਂ ਉੱਤੇ ਵੀ ਨਕਾਰਾਤਮਕ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪ੍ਰੋਵਿੰਸਾਂ ਨਾਲ ਮਿਲ ਕੇ ਤੁਰਨ ਤਾਂ ਇਸ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ।
ਪ੍ਰਿੰਸ ਐਡਵਰਡ ਆਈਲੈਂਡ ਵਿਚ ਕੈਬਿਨੇਟ ਰਿਟ੍ਰੀਟ ਦੌਰਾਨ ਸ਼ੌਨ ਫ਼੍ਰੇਜ਼ਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਸੀ, ਮੈਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਵਿਕਲਪਾਂ ਵਿਚੋਂ ਇੱਕ ਹੈ ਜਿਸ ਬਾਰੇ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਸਾਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।
ਸ਼ੌਨ ਫ਼੍ਰੇਜ਼ਰ ਕੈਬਿਨੇਟ ਵਿਚ ਫੇਰਬਦਲ ਤੋਂ ਪਹਿਲਾਂ ਖ਼ੁਦ ਇਮੀਗ੍ਰੇਸ਼ਨ ਮਿਨਿਸਟਰ ਸਨ। ਮਿਨਿਸਟਰ ਮਿਲਰ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਧਦੀ ਗਿਣਤੀ ਹਾਊਸਿੰਗ ਦੇ ਸਬੰਧ ਵਿਚ ਇੱਕ ਚਿੰਤਾ ਦਾ ਵਿਸ਼ਾ ਹੈ, ਪਰ ਉਨ੍ਹਾਂ ਕਿਹਾ ਕਿ ਇਹ ਵੀ ਜ਼ਰੂਰੀ ਹੈ ਕਿ ਇਸ ਚੁਣੌਤੀ ਨੂੰ ਵਧਾ-ਚੜ੍ਹਾ ਕੇ ਪੇਸ਼ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਈਕੋਸਿਸਟਮ (ਸਟੂਡੈਂਟ ਪ੍ਰੋਗਰਾਮ) ਬਹੁਤ ਲਾਹੇਵੰਦ ਹੈ ਪਰ ਇਸ ਨਾਲ ਕੁਝ ਟੇਢੇ ਪ੍ਰਭਾਵ ਵੀ ਜੁੜੇ ਹਨ, ਜਿਵੇਂ ਕਿ ਧੋਖਾਧੜੀ, ਜਾਂ ਕੁਝ ਲੋਕਾਂ ਦਾ ਇਸ ਨੂੰ ਕੈਨੇਡਾ ਵਿਚ ਪਿਛਲੇ ਦਰਵਾਜ਼ੇ ਤੋਂ ਦਾਖ਼ਲ ਹੋਣ ਵਾਂਗ ਵਰਤਣਾ ਅਤੇ ਜਾਂ ਕੁਝ ਹੋਰ ਖੇਤਰਾਂ ‘ਤੇ ਪੈਣ ਵਾਲੇ ਪ੍ਰਭਾਵ, ਜਿਨ੍ਹਾਂ ਵਿਚੋਂ ਹਾਊਸਿੰਗ ਵੀ ਇੱਕ ਖੇਤਰ ਹੈ।
ਪਰ ਮਿਲਰ ਨੇ ਕੈਨੇਡਾ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਦੀ ਵਚਨਬੱਧਤਾ ਤੋਂ ਗੁਰੇਜ਼ ਕੀਤਾ। ਮਿਲਰ ਨੇ ਕਿਹਾ ਕਿ ਗਿਣਤੀ ‘ਤੇ ਕੈਪ ਲਾਉਣਾ, ਜੋ ਕਿ ਪਿਛਲੇ ਦਿਨਾਂ ਵਿਚ ਲੋਕਾਂ ਵਿਚ ਕਾਫ਼ੀ ਚਰਚਾ ਵਿਚ ਰਿਹਾ ਹੈ, ਇਸ ਦਾ ਇਕੋ ਇੱਕ ਹੱਲ ਨਹੀਂ ਹੈ।