ਜੀ-20 ਸੰਮੇਲਨ ਮੌਕੇ ਭਾਰਤ ਦੇ ਰਾਸ਼ਟਰਪਤੀ ਵੱਲੋਂ ਦਿੱਤੇ ਜਾਣ ਵਾਲੇ ਡਿਨਰ ਦੇ ਸੱਦਾ ਪੱਤਰ ਤੋਂ ਬਾਅਦ ਇਹ ਮੁੱਦਾ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਕੀ ਮੋਦੀ ਸਰਕਾਰ ਦੇਸ਼ ਦੇ ਨਾਂ ਵੱਜੋਂ “ਇੰਡੀਆ” ਸ਼ਬਦ ਦੀ ਵਰਤੋਂ ਬੰਦ ਕਰ ਰਹੀ ਹੈ? ਦਰਅਸਲ ਰਾਸ਼ਟਰਪਤੀ ਵੱਲੋਂ ਭੇਜੇ ਗਏ ਦਾਅਵਤ-ਨਾਮੇ ਵਿਚ ਆਮ ਤੌਰ ‘ਤੇ ਪ੍ਰੈਜ਼ੀਡੈਂਟ ਔਫ਼ ਇੰਡੀਆ ਲਿਖਿਆ ਹੁੰਦਾ ਹੈ, ਪਰ ਐਦਕੀਂ ਪ੍ਰੈਜ਼ੀਡੈਂਟ ਔਫ਼ ਭਾਰਤ ਲਿਖਿਆ ਹੋਇਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਕਿਸਮ ਦੀਆਂ ਤਬਦੀਲੀਆਂ ਬਹੁਤ ਸਵਾਧਾਨੀ ਨਾਲ ਵਿਚਾਰ ਕਰਨ ਮਗਰੋਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਕਿਉਂਕਿ ਨਾਮ ਨਾਲ ਸਮਾਜਿਕ, ਰਾਜਨੀਤਕ ਅਤੇ ਆਰਥਿਕ ਪਛਾਣ ਵੀ ਜੁੜੀ ਹੁੰਦੀ ਹੈ। ਥੋੜ੍ਹੇ ਸਮੇਂ ਦੇ ਸਿਆਸੀ ਵਿਚਾਰਧਾਰਕ ਲਾਭ ਲਈ, ਤੁਸੀਂ ਅਸਲ ਵਿੱਚ ਬਹੁਤ ਵੱਡੀ ਰਕਮ ਚੁਕਾ ਰਹੇ ਹੋ।
ਪਿਛਲੇ ਹਜ਼ਾਰਾਂ ਸਾਲਾਂ ਤੋਂ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਦੋ ਮੁੱਖ ਨਾਮਾਂ ਤੋਂ ਜਾਣਿਆਂ ਜਾਂਦਾ ਰਿਹਾ ਹੈ। ਅੰਗ੍ਰੇਜ਼ੀ ਨਾਮ ਇੰਡੀਆ ਅਤੇ ਸੰਸਕ੍ਰਿਤ ਨਾਮ ਭਾਰਤ। ਇਹ ਦੋਵੇਂ ਨਾਮ ਭਾਰਤ ਦੇ ਸੰਵਿਧਾਨ ਵਿਚ ਵੀ ਦਰਜ ਹਨ। ਵੈਸੇ ਭਾਰਤ ਦਾ ਇੱਕ ਉਰਦੂ ਨਾਮ ਹਿੰਦੁਸਤਾਨ ਵੀ ਹੈ। ਮੁਲਕ ਦੇ ਅੰਦਰ ਭਾਰਤ ਅਤੇ ਇੰਡੀਆ ਦੋਵੇਂ ਨਾਮ ਵਰਤੇ ਜਾਂਦੇ ਹਨ, ਪਰ ਦੁਨੀਆ ਵਿਚ ਜ਼ਿਆਦਾ ਆਮ ਨਾਮ ਇੰਡੀਆ ਹੀ ਹੈ।ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਜਾਰੀ ਸੱਦਾ ਪੱਤਰ ਵਿਚ ਇੰਡੀਆ ਦੀ ਥਾਂ ਭਾਰਤ ਸ਼ਾਮਲ ਕਰਨਾ, ਹਿੰਦੂ-ਰਾਸ਼ਟਰਵਾਦੀ ਸਰਕਾਰ ਵੱਲੋਂ ਜਾਣਬੁੱਝ ਕੇ ਦਿੱਤਾ ਜਾ ਰਿਹਾ ਸੰਕੇਤ ਮੰਨਿਆ ਜਾ ਰਿਹਾ ਹੈ।
ਪਿਛਲੇ ਕਈ ਸਾਲਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਮੁਲਕ ਦੇ ਕਸਬਿਆਂ ਅਤੇ ਸ਼ਹਿਰਾਂ ਦੇ ਨਾਮ ਬਦਲਦੀ ਰਹੀ ਹੈ। ਭਾਜਪਾ ਦਾ ਤਰਕ ਰਿਹਾ ਹੈ ਕਿ ਨਾਮ ਬਦਲਣ ਨਾਲ ਬਸਤੀਵਾਦ ਦੇ ਅਧੀਨ ਸਥਾਪਤ ਗੁਲਾਮੀ ਦੀ ਮਾਨਸਿਕਤਾ ਨੂੰ ਮਿਟਾਉਣ ਵਿੱਚ ਮਦਦ ਮਿਲਦੀ ਹੈ। ਡਿਨਰ ਦਾ ਸੱਦਾ ਪੱਤਰ ਮੋਦੀ ਸਰਕਾਰ ਦੇ ਬਾਕੀ ਫੈਸਲਿਆਂ ਵਾਂਗ ਹੀ ਪ੍ਰਤੀਤ ਹੋ ਰਿਹੈ ਜਿਥੇ ਸਰਕਾਰ ਮੁਗ਼ਲ ਸਮਰਾਜ ਜਾਂ ਫਾਰਸੀ ਤੇ ਹੋਰ ਭਾਸ਼ਾਵਾਂ ਨਾਲ ਜੁੜੀਆਂ ਚੀਜ਼ਾਂ ਦੇ ਨਾਂ ਬਦਲਕੇ ਭਾਰਤੀ ਤੱਤਾਂ ਨੂੰ ਸ਼ੁੱਧ ਕਰਨ ਦੀਆਂ ਕੋਸ਼ਿਸ਼ਾਂ ਵਿਚ ਹੈ।
ਤਬਦੀਲੀ ਲਈ ਜ਼ੋਰ ਦੇ ਰਹੇ ਸਮਰਥਕਾਂ ਨੇ ਕਿਹਾ ਕਿ ਬ੍ਰਿਟਿਸ਼ ਬਸਤੀਵਾਦੀ ਸ਼ਾਸਕਾਂ ਨੇ ਭਾਰਤ ਨੂੰ ਖ਼ਤਮ ਕਰਨ ਅਤੇ ਆਪਣੀ ਬ੍ਰਿਟਿਸ਼ ਵਿਰਾਸਤ ਨੂੰ ਬਣਾਉਣ ਲਈ ਇੰਡੀਆ ਸ਼ਬਦ ਦੀ ਵਰਤੋਂ ਕੀਤੀ ਸੀ। ਵਿਰੋਧੀ ਧਿਰਾਂ ਵੱਲੋਂ ਇਸ ਮੁੱਦੇ ‘ਤੇ ਸਰਕਾਰ ਦੀ ਆਲੋਚਨਾ ਕਰਨ ਤੋਂ ਬਾਅਦ ਕੇਂਦਰੀ ਮੰਦਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ, ਸਾਡੇ ਦੇਸ਼ ਦਾ ਨਾਮ ਭਾਰਤ ਹੈ ਅਤੇ ਇਸ ਬਾਰੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਵਿਕਟੋਰੀਆ ਯੂਨੀਵਰਸਿਟੀ ਵਿਚ ਇਤਿਹਾਸ ਦੇ ਪ੍ਰੋਫ਼ੈਸਰ, ਨੀਲੇਸ਼ ਬੋਸ ਦਾ ਕਹਿਣਾ ਹੈ ਕਿ ਸਰਕਾਰ ਦਾ ਫ਼ੋਕਸ ਇੰਡੀਆ ਸ਼ਬਦ ਨੂੰ ਖ਼ਤਮ ਕਰਨਾ ਨਹੀਂ, ਸਗੋਂ ਭਾਰਤ ਸ਼ਬਦ ਨੂੰ ਮੁੱਖ ਧਾਰਾ ਵਿਚ ਲਿਆਉਣ ‘ਤੇ ਹੈ, ਜੋ ਕਿ ਮੁਲਕ ਦੇ ਵਿਆਪਕ ਡਾਇਸਪੋਰਾ ਦੀ ਬਜਾਏ ਇਸ ਦੇ ਹਿੰਦੂ ਭਾਈਚਾਰਿਆਂ ਰਾਹੀਂ ਭਾਰਤ ਦੀ ਤਸਵੀਰ ਨੂੰ ਉਭਾਰਦਾ ਹੈ।
ਦੁਨੀਆ ਭਰ ਦੇ ਹੋਰ ਦੇਸ਼ਾਂ ਨੇ ਸਧਾਰਨ ਸਪੈਲਿੰਗ ਅਤੇ ਸਮਾਜਿਕ-ਆਰਥਿਕ ਲਾਭ ਤੋਂ ਲੈ ਕੇ ਬਸਤੀਵਾਦੀ ਨਾਵਾਂ ਨੂੰ ਖਤਮ ਕਰਨ ਅਤੇ ਆਜ਼ਾਦੀ ਦਾ ਜਸ਼ਨ ਮਨਾਉਣ ਦੇ ਕਾਰਨਾਂ ਕਰਕੇ ਨਾਮ ਬਦਲੇ ਹਨ।
2016 ਵਿੱਚ, ਚੈੱਕ ਗਣਰਾਜ ਨੇ ਆਪਣੇ ਪੂਰਵਜ, ਚੈਕੋਸਲੋਵਾਕੀਆ, ਅਤੇ ਇਸਦੇ ਗੁਆਂਢੀ, ਸਲੋਵਾਕੀਆ ਤੋਂ ਆਪਣੇ ਆਪ ਨੂੰ ਦੂਰ ਕਰਨ ਦੀ ਉਮੀਦ ਵਿੱਚ ਚੈਕੀਆ ਨਾਮ ਅਪਣਾਇਆ ਸੀ।ਇਸੇ ਤਰ੍ਹਾਂ ਹੌਲੈਂਡ ਨੂੰ ਹੁਣ ਨੀਦਰਲੈਂਡਜ਼ ਕਿਹਾ ਜਾਂਦਾ ਹੈ, ਸੇਲੌਨ ਸ੍ਰੀਲੰਕਾ ਹੋ ਚੁੱਕਾ ਹੈ, ਸੀਆਮ ਹੁਣ ਥਾਈਲੈਂਡ ਹੈ ਅਤੇ ਬਰਮਾ ਨੂੰ ਹੁਣ ਮਿਆਂਮਾਰ ਕਿਹਾ ਜਾਂਦਾ ਹੈ। ਇੰਡੀਆ ਦੇ ਨਾਮ ਦੇ ਆਲਮੀ ਅਤੇ ਆਰਥਿਕ ਮਹੱਤਵ ਦੇ ਮੱਦੇਨਜ਼ਰ, ਮਾਹਰ ਸੁਝਾਅ ਦਿੰਦੇ ਹਨ ਕਿ ਕਿਸੇ ਵੀ ਤਬਦੀਲੀ ਨੂੰ ਧਿਆਨ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ।
ਭਾਰਤ ਵਿਚ ਉੱਘੀ ਵਿਰੋਧੀ ਲੀਡਰ, ਮਮਤਾ ਬੈਨਰਜੀ ਨੇ ਕਿਹਾ, ਅਸੀਂ ਸਾਰੇ ਭਾਰਤ ਕਹਿੰਦੇ ਹਾਂ। ਇਸ ਵਿਚ ਕੀ ਨਵਾਂ ਹੈ? ਪਰ ਇੰਡੀਆ ਨਾਮ ਦੁਨੀਆ ਜਾਣਦੀ ਹੈ। ਅਚਾਨਕ ਅਜਿਹਾ ਕੀ ਹੋ ਗਿਆ ਕਿ ਸਰਕਾਰ ਨੂੰ ਦੇਸ਼ ਦਾ ਨਾਮ ਬਦਲਣਾ ਪੈ ਰਿਹੈ। ਥੋੜ੍ਹੇ ਸਮੇਂ ਦੇ ਸਿਆਸੀ ਲਾਭ ਲਈ ਨਾਮ ਬਦਲਣਾ ਕਿਸੇ ਵੀ ਸਰਕਾਰ ਲਈ ਮੂਰਖਤਾ ਹੋਵੇਗੀ। ਨਾਮ ਦੀ ਪਛਾਣ ਵੀ ਕੋਈ ਚੀਜ਼ ਹੈ। ਇੰਡੀਆ ਵਿਸ਼ਵ ਪ੍ਰਸਿੱਧ ਨਾਮ ਹੈ ਅਤੇ ਭਾਰਤ ਨਹੀਂ ਹੈ। ਇਸ ਲਈ ਇੰਡੀਆ ਅਤੇ ਭਾਰਤ ਦੋਵੇਂ ਹੋਣੇ ਚਾਹੀਦੇ ਹਨ ਅਤੇ ਹੋ ਸਕਦੇ ਹਨ। ਪਰ ਅਧਿਕਾਰਤ ਨਾਮ ਨੂੰ ਬਦਲਣ ਦੀ ਕੋਈ ਲੋੜ ਹੀ ਨਹੀਂ ਹੈ।
ਸੀਬੀਸੀ ਨਿਊਜ਼