ਵਿਆਜ ਦਰਾਂ ਵਿੱਚ ਹੋਰ ਵਾਧੇ ਨੂੰ ਲੈ ਕੇ ਕੇਂਦਰੀ ਬੈਂਕ ਦੀ ਗਵਰਨਿੰਗ ਕੌਂਸਲ ਵੰਡੀ ਹੋਈ ਹੈ। ਬੈਂਕ ਨੇ 25 ਅਕਤੂਬਰ ਦੇ ਫ਼ੈਸਲੇ ਬਾਰੇ ਹੋਈ ਚਰਚਾ ਦਾ ਵੇਰਵਾ ਜਾਰੀ ਕੀਤਾ। ਕੁਝ ਮੈਂਬਰਾਂ ਨੇ ਮਹਿਸੂਸ ਕੀਤਾ ਕਿ ਇਹ ਜ਼ਿਆਦਾ ਸੰਭਾਵਨਾ ਹੈ ਕਿ ਮੁਦਰਾਸਫੀਤੀ ਨੂੰ ਵਾਪਿਸ ਨਿਰਧਾਰਤ ਟੀਚੇ ‘ਤੇ ਲਿਆਉਣ ਲਈ ਵਿਆਜ ਦਰ ਨੂੰ ਹੋਰ ਵਧਾਉਣ ਦੀ ਜ਼ਰੂਰਤ ਹੋਏਗੀ ਜਦਕਿ ਕੁਝ ਨੂੰ ਲਗਦਾ ਹੈ ਕਿ ਮਹਿੰਗਾਈ ਨੂੰ ਦੋ ਪ੍ਰਤੀਸ਼ਤ ‘ਤੇ ਵਾਪਿਸ ਲਿਆਉਣ ਲਈ ਵਿਆਜ ਦਰ ਨੂੰ 5% ‘ਤੇ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ।
ਬੈਂਕ ਆਫ਼ ਕੈਨੇਡਾ ਨੇ ਆਖਰਕਾਰ ਧੀਰਜ ਰੱਖਣ ਦਾ ਫ਼ੈਸਲਾ ਕੀਤਾ, ਪਰ ਗਵਰਨਿੰਗ ਕੌਂਸਲ ਦੇ ਮੈਂਬਰ ਮੁੜ ਵਿਚਾਰ ਕਰਨ ਲਈ ਇਕੱਠੇ ਹੋਏ ਕਿ ਕੀ ਦਰਾਂ ਨੂੰ ਹੋਰ ਵਧਾਉਣ ਦੀ ਲੋੜ ਹੈ। ਗੌਰਤਲਬ ਹੈ ਕਿ 25 ਅਕਤੂਬਰ ਨੂੰ ਬੈਂਕ ਔਫ਼ ਕੈਨੇਡਾ ਨੇ ਬੁੱਧਵਾਰ ਨੂੰ ਵਿਆਜ ਦਰ ਵਿਚ ਵਾਧਾ ਨਹੀਂ ਕੀਤਾ ਤੇ ਇਸਨੂੰ 5% ‘ਤੇ ਬਰਕਰਾਰ ਰੱਖਿਆ ਸੀ। ਅਜਿਹਾ ਲਗਾਤਾਰ ਦੂਸਰੀ ਵਾਰੀ ਸੀ ਜਦੋਂ ਬੈਂਕ ਨੇ ਵਿਆਜ ਦਰਾਂ ਨੂੰ ਮੌਜੂਦਾ ਪੱਧਰ ‘ਤੇ ਬਰਕਰਾਰ ਰੱਖਿਆ ਹੋਵੇ।
ਕੋਵਿਡ ਮਹਾਂਮਾਰੀ ਦੀ ਸ਼ੁਰੂਆਤ ਵਿਚ ਅਰਥਵਿਵਸਥਾ ਨੂੰ ਲੀਹ ‘ਤੇ ਰੱਖਣ ਲਈ ਬੈਂਕ ਨੇ ਵਿਆਜ ਦਰਾਂ ਤਕਰੀਬਨ ਸਿਫ਼ਰ ਦੇ ਪੱਧਰ ਤੱਕ ਘਟਾ ਦਿੱਤੀਆਂ ਸਨ। ਪਰ 2022 ਵਿਚ ਮਹਿੰਗਾਈ ਨੂੰ ਨੱਥ ਪਾਉਣ ਲਈ ਬੈਂਕ ਨੇ ਵਿਆਜ ਦਰਾਂ ਵਿਚ ਵਾਧੇ ਦਾ ਸਿਲਸਿਲਾ ਸ਼ੁਰੂ ਕੀਤਾ ਸੀ। ਡੇਢ ਸਾਲ ਵਿਚ ਤਕਰੀਬਨ ਸਿਫ਼ਰ ਤੋਂ 5 ਫ਼ੀਸਦੀ ਤੱਕ ਵਿਆਜ ਦਰਾਂ ਲਿਜਾਣ ਨੇ ਖ਼ਰਚਿਆਂ ਨੂੰ ਬ੍ਰੇਕਾਂ ਲਾ ਦਿੱਤੀਆਂ ਹਨ ਅਤੇ ਕਰਜ਼ਾ ਲੈਣਾ ਮਹਿੰਗਾ ਬਣਾ ਦਿੱਤਾ ਹੈ।
ਮਹਿੰਗਾਈ ਦਰ 2022 ਦੀਆਂ ਗਰਮੀਆਂ ਦੌਰਾਨ 8.1% ‘ਤੇ ਰਿਕਾਰਡ ਪੱਧਰ ਤੋਂ ਘਟ ਕੇ ਸਤੰਬਰ ਮਹੀਨੇ 3.8% ਦਰਜ ਹੋਈ ਹੈ। ਬੈਂਕ ਆਫ ਕੈਨੇਡਾ ਦੀ ਗਵਰਨਿੰਗ ਕੌਂਸਲ ਨੇ ਉੱਚੀ ਮਹਿੰਗਾਈ ਦੇ ਸਥਿਰ ਰਹਿਣ ਲਈ ਕਈ ਕਾਰਕਾਂ ਨੂੰ ਜ਼ਿੰਮੇਵਾਰ ਠਹਿਰਾਇਆ, ਜਿਸ ਵਿੱਚ ਰਹਿਣ ਸਹਿਣ ਦੀਆਂ ਕੀਮਤਾਂ ਵਿੱਚ ਵਾਧਾ ਵੀ ਸ਼ਾਮਲ ਹੈ। ਕੇਂਦਰੀ ਬੈਂਕ ਨੇ ਕਿਹਾ ਉੱਚ ਵਿਆਜ ਦਰਾਂ ਆਮ ਤੌਰ ‘ਤੇ ਘਰਾਂ ਦੀਆਂ ਕੀਮਤਾਂ ਅਤੇ ਹੋਰ ਲਾਗਤਾਂ ‘ਤੇ ਹੇਠਾਂ ਵੱਲ ਦਬਾਅ ਪਾਉਂਦੀਆਂ ਹਨ ਜੋ ਘਰਾਂ ਦੀਆਂ ਕੀਮਤਾਂ ਨਾਲ ਨੇੜਿਓਂ ਜੁੜੀਆਂ ਹੁੰਦੀਆਂ ਹਨ, ਜਿਵੇਂ ਕਿ ਰੱਖ-ਰਖਾਅ, ਟੈਕਸ ਅਤੇ ਬੀਮਾ।
ਹਾਲਾਂਕਿ, ਆਰਥਿਕਤਾ ਵਿੱਚ ਹਾਊਸਿੰਗ ਸਪਲਾਈ ਦੀ ਚੱਲ ਰਹੀ ਢਾਂਚਾਗਤ ਘਾਟ ਉੱਚੀਆਂ ਘਰਾਂ ਦੀਆਂ ਕੀਮਤਾਂ ਨੂੰ ਬਰਕਰਾਰ ਰੱਖ ਰਹੀ ਸੀ ਅਤੇ ਕੈਨੇਡਾ ਦੀ ਆਬਾਦੀ ਵਿੱਚ ਤੇਜ਼ੀ ਨਾਲ ਵਾਧੇ ਨੇ ਹਾਊਸਿੰਗ ਦੀ ਮੰਗ ਅਤੇ ਸਪਲਾਈ ਵਿਚਕਾਰ ਮੌਜੂਦਾ ਅਸੰਤੁਲਨ ਨੂੰ ਵਧਾ ਦਿੱਤਾ ਹੈ। ਬੈਂਕ ਦਾ ਅਨੁਮਾਨ ਹੈ ਕਿ 2025 ਤੱਕ ਮਹਿੰਗਾਈ ਦਰ 2% ਦੇ ਟੀਚੇ ‘ਤੇ ਆ ਜਾਵੇਗੀ।
(ਕੈਨੇਡੀਅਨ ਪ੍ਰੈਸ)