ਨਿਊਜ਼ੀਲੈਂਡ ਵਿੱਚ ਤਿੰਨ ਵਿਅਕਤੀਆਂ ਨੂੰ ਇੱਕ ਭਾਰਤੀ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਪਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਨੇ ਆਕਲੈਂਡ ਵਿੱਚ ਰੇਡੀਓ ਹੋਸਟ ਹਰਨੇਕ ਸਿੰਘ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। 27 ਸਾਲਾ ਸਰਵਜੀਤ ਸਿੱਧੂ ਇਸ ਕੇਸ ਦਾ ਮਾਸਟਰਮਾਈਂਡ ਸੀ। ਉਸ ਨੇ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਨੂੰ ਕਬੂਲ ਕਰ ਲਿਆ ਹੈ। ਇਸ ਦੇ ਨਾਲ ਹੀ 44 ਸਾਲਾ ਸੁਖਪ੍ਰੀਤ ਸਿੰਘ ਨੂੰ ਉਸ ਦੇ ਸਹਿਯੋਗ ਲਈ ਦੋਸ਼ੀ ਠਹਿਰਾਇਆ ਗਿਆ ਹੈ। ਆਕਲੈਂਡ ਦੇ ਇੱਕ ਤੀਜੇ ਵਿਅਕਤੀ (ਜਿਸ ਦਾ ਨਾਂ ਫਿਲਹਾਲ ਗੁਪਤ ਰੱਖਿਆ ਗਿਆ ਹੈ) ਨੂੰ ਹਰਨੇਕ ਸਿੰਘ ਖਿਲਾਫ ਸਾਜ਼ਿਸ਼ ਰਚਣ ਦਾ ਦੋਸ਼ੀ ਠਹਿਰਾਇਆ ਗਿਆ ਹੈ।
ਇਸ ਕੇਸ ਦੀ ਸੁਣਵਾਈ ਦੌਰਾਨ ਜੱਜ ਮਾਰਕ ਵੂਲਫੋਰਡ ਨੇ ਧਾਰਮਿਕ ਕੱਟੜਪੰਥੀਆਂ ਦੇ ਖ਼ਿਲਾਫ਼ ਕਠੋਰਤਾ ਨਾਲ ਰੋਕ ਲਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਜ਼ਾ ਸੁਣਾਉਣ ਦੇ ਮਾਮਲੇ ਵਿੱਚ ਸਾਨੂੰ ਬਿਲਕੁਲ ਵੱਖਰਾ ਤਰੀਕਾ ਅਪਣਾਉਣਾ ਹੋਵੇਗਾ। ਹਰਨੇਕ ਸਿੰਘ ਨੇਕੀ ‘ਤੇ 23 ਦਸੰਬਰ 2020 ਨੂੰ ਹਮਲਾ ਹੋਇਆ ਸੀ। ਪਹਿਲਾਂ ਤਾਂ ਤਿੰਨ ਕਾਰਾਂ ਨੇ ਉਸ ਦਾ ਪਿੱਛਾ ਕੀਤਾ, ਜਿਸ ਤੋਂ ਬਾਅਦ ਉਸ ਦੇ 40 ਵਾਰ ਚਾਕੂ ਮਾਰੇ ਗਏ। ਨੇਕੀ ਦੀ ਜਾਨ ਬਚਾਉਣ ਲਈ ਉਸ ਦੀਆਂ ਕਈ ਸਰਜਰੀਆਂ ਹੋਈਆਂ। ਨੇਕੀ ਨੂੰ 350 ਟਾਂਕੇ ਦਿੱਤੇ ਗਏ ਸਨ।