ਇਜ਼ਰਾਈਲੀ ਰੱਖਿਆ ਬਲਾਂ (ਆਈਡੀਐਫ) ਨੇ ਹਮਾਸ ਦੇ ਫੌਜੀ ਵਿੰਗ ਦੇ ਕਮਾਂਡਰ ਮੁਹੰਮਦ ਦੇਈਫ ਦੀ ਮੌਤ ਦੀ ਤਸਦੀਕ ਕੀਤੀ ਹੈ। ਆਈਡੀਐਫ ਨੇ ਕਿਹਾ ਕਿ ਮੁਹੰਮਦ ਦੇਈਫ ਦੱਖਣੀ ਗਾਜ਼ਾ ਪੱਟੀ ਵਿੱਚ ਪਿਛਲੇ ਮਹੀਨੇ ਇੱਕ ਇਜ਼ਰਾਈਲੀ ਹਵਾਈ ਹਮਲੇ ‘ਚ ਮਾਰਿਆ ਗਿਆ ਸੀ। ਇਜ਼ਰਾਈਲ ਦਾ ਦੋਸ਼ ਹੈ ਕਿ ਦੇਈਫ 7 ਅਕਤੂਬਰ ਨੂੰ ਹੋਏ ਹਮਲੇ ਦਾ ਮੁਖੀ ਸੂਤਰਧਾਰ ਸੀ, ਜਿਸ ਵਿੱਚ 1,195 ਲੋਕ ਮਾਰੇ ਗਏ ਸਨ।
ਇਸ ਖ਼ਬਰ ਨੂੰ ਆਈਡੀਐਫ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਸਾਂਝਾ ਕੀਤਾ। ਆਈਡੀਐਫ ਦੇ ਮੁਤਾਬਕ, 13 ਜੁਲਾਈ ਨੂੰ ਗਾਜ਼ਾ ਦੇ ਖਾਨ ਯੂਨਿਸ ਖੇਤਰ ਵਿੱਚ ਹੋਏ ਹਮਲੇ ਦਾ ਨਿਸ਼ਾਨਾ ਮੁਹੰਮਦ ਦੇਈਫ ਸੀ। ਬਾਅਦ ਵਿੱਚ, 1 ਅਗਸਤ ਨੂੰ, ਆਈਡੀਐਫ ਨੇ ਇਸ ਹਮਲੇ ‘ਚ ਉਸ ਦੀ ਮੌਤ ਦੀ ਪੁਸ਼ਟੀ ਕੀਤੀ।
We can now confirm: Mohammed Deif was eliminated.
— Israel Defense Forces (@IDF) August 1, 2024
ਮੁਹੰਮਦ ਦੇਈਫ ਦਾ ਜਨਮ 1965 ਵਿੱਚ ਖਾਨ ਯੂਨਿਸ ਸ਼ਰਨਾਰਥੀ ਕੈਂਪ ਵਿੱਚ ਹੋਇਆ ਸੀ। ਉਹ ਹਮਾਸ ਦੇ ਫੌਜੀ ਵਿੰਗ, ਅਲ-ਕਾਸਿਮ ਬ੍ਰਿਗੇਡ ਦਾ ਮੁਖੀ ਸੀ। 2002 ਵਿੱਚ ਸਾਲਾਹ ਸ਼ੇਹਾਦੇਹ ਦੇ ਮਾਰੇ ਜਾਣ ਤੋਂ ਬਾਅਦ, ਉਹ ਇਸ ਵਿੰਗ ਦਾ ਮੁਖੀ ਬਣਿਆ। ਮੁਹੰਮਦ ਦੇਈਫ 1995 ਤੋਂ ਇਜ਼ਰਾਈਲ ਦੀ ‘ਮੋਸਟ ਵਾਂਟੇਡ’ ਸੂਚੀ ਵਿੱਚ ਸ਼ਾਮਲ ਸੀ ਅਤੇ ਉਸ ਨੂੰ ਕਈ ਵਾਰ ਮਾਰਨ ਦੀਆਂ ਕੋਸ਼ਿਸ਼ਾਂ ਹੋ ਚੁੱਕੀਆਂ ਸਨ। 2015 ਵਿੱਚ, ਅਮਰੀਕਾ ਨੇ ਵੀ ਉਸਨੂੰ ‘ਮੋਸਟ ਵਾਂਟੇਡ’ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ।