ਅਮਰੀਕਾ ਦੀ ਇੱਕ ਕੰਪਨੀ ਵਿੱਚ ਕੰਮ ਕਰਦੇ ਕਰਮਚਾਰੀ ਤੋਂ ਬਦਲਾ ਲੈਣ ਲਈ ਉਸ ਦੇ ਬੌਸ ਨੇ ਅਜਿਹਾ ਤਰੀਕਾ ਅਪਣਾਇਆ, ਜਿਸ ਤਰੀਕੇ ਦੀ ਪੂਰੀ ਦੁਨੀਆ ਵਿੱਚ ਚਰਚਾ ਹੋ ਰਹੀ ਹੈ। ਅਸਲ ‘ਚ ਕਰਮਚਾਰੀ ਦਾ ਆਪਣੇ ਬੌਸ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਫਿਰ ਉਸ ਕਰਮਚਾਰੀ ਨੇ ਨੌਕਰੀ ਛੱਡ ਦਿੱਤੀ।
ਜਦ ਉਸ ਨੇ ਆਪਣੀ ਤਨਖਾਹ ਤੇ ਬਕਾਏ ਬਾਰੇ ਬੌਸ ਨਾਲ ਗੱਲ ਕੀਤੀ ਤਾਂ ਬੌਸ ਨੇ ਤਨਖਾਹ ਦੇ ਨਾਂ ਤੇ ਉਸ ਦੇ ਘਰ 91000 ਦੇ ਸਿੱਕੇ ਭੇਜੇ, ਜਿਸ ਸਿੱਕਿਆ ਨੂੰ ਗਿਣਦਿਆਂ ਉਸ ਦੇ ਪਸੀਨੇ ਛੁੱਟ ਗਏ।ਇਹਨਾ ਸਿੱਕਿਆਂ ਦੇ ਨਾਲ ਕਰਮਚਾਰੀ ਦੇ ਘਰ ਇੱਕ ਇਤਰਾਜ਼ਯੋਗ ਸੰਦੇਸ਼ ਵੀ ਭੇਜਿਆ ਗਿਆ।
ਉਸ ਨੇ ਮਾਮਲੇ ਦੀ ਸ਼ਿਕਾਇਤ ਅਮਰੀਕਾ ਦੇ ਲੇਬਰ ਵਿਭਾਗ ਨੂੰ ਕੀਤੀ, ਜਿਸ ਤੋਂ ਬਾਅਦ ਬੌਸ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਰਿਪੋਰਟ ਅਨੁਸਾਰ 26 ਸਾਲਾ ਐਂਡਰੀਅਸ ਫਲੈਟਨ ਜਾਰਜੀਆ ਦੇ ਫੇਏਟਵਿਲੇ ਵਿੱਚ ਇੱਕ ਕਾਰ ਮਕੈਨਿਕ ਵਜੋਂ ਕੰਮ ਕਰਦਾ ਸੀ। ਕੁਝ ਸਮਾਂ ਪਹਿਲਾਂ ਹੀ ਉਸ ਨੇ ਬੌਸ ਨਾਲ ਝਗੜਾ ਹੋਣ ਕਰਕੇ ਨੌਕਰੀ ਛੱਡ ਦਿੱਤੀ ਸੀ।ਜਿਸ ਤੋਂ ਬਾਅਦ ਉਸ ਨੂੰ ਤਨਖਾਹ ਨੋਟਾਂ ਦੀ ਬਜਾਏ ਸਿੱਕੇ ਦੇ ਰੂਪ ‘ਚ ਭੇਜੀ ਤੇ ਉਨ੍ਹਾਂ ਸਿੱਕਿਆਂ ਵਿੱਚ ਕਈ ਸਿੱਕੇ ਬਹੁਤ ਗੰਦੇ ਸਨ।
ਅਸਲ ‘ਚ, ਆਪਣਾ ਗੁੱਸਾ ਕੱਢਣ ਲਈ, ਬੌਸ ਨੇ ਸਿੱਕਿਆਂ ਨੂੰ ਤੇਲ ‘ਚ ਡੁਬੋਇਆ ਸੀ। ਇਨ੍ਹਾਂ ਸਿੱਕਿਆਂ ਦਾ ਕੁੱਲ ਵਜ਼ਨ ਲਗਭਗ 227 ਕਿਲੋ ਸੀ। ਸਿੱਕਿਆਂ ਦੀ ਕੀਮਤ ਤਨਖਾਹ ਤੋਂ ਘੱਟ ਨਿਕਲੀ।ਇਨ੍ਹਾ ਸਾਰੇ ਸਿੱਕਿਆਂ ਦਾ ਮਿਲਾ ਕੇ 67 ਹਜ਼ਾਰ ਰੁਪਏ ਬਣਦਾ ਹੈ, ਪਰ ਉਸ ਦਾ ਬਕਾਇਆ ਇਸ ਤੋਂ ਵੱਧ ਸੀ।
ਦੱਸ ਦਈਏ ਕਿ ਐਂਡਰੀਅਸ ਨੇ ਆਪਣੇ ਟਵਿਟਰ ਅਕਾਊਂਟ ਤੇ ਇਨ੍ਹਾਂ ਸਿੱਕਿਆਂ ਦੀ ਫੋਟੋ ਵੀ ਸ਼ੇਅਰ ਕੀਤੀ ਹੈ। ਐਂਡਰੀਅਸ ਨੇ ਇਸ ਪੂਰੀ ਘਟਨਾ ਬਾਰੇ ਅਮਰੀਕੀ ਲੇਬਰ ਡਿਪਾਰਟਮੈਂਟ ਨੂੰ ਦੱਸਿਆ, ਇਸ ਤੋਂ ਬਾਅਦ ਕੰਪਨੀ ਦੇ ਬੌਸ ਦੇ ਖਿਲਾਫ ਹਰਾਸਮੈਂਟ ਦਾ ਮਾਮਲਾ ਦਰਜ ਕੀਤਾ ਗਿਆ ਅਤੇ ਇਸ ਪੂਰੇ ਮਾਮਲੇ ਤੇ ਬੌਸ ਨੇ ਕਿਹਾ ਕਿ ਉਸ ਨੇ ਕਰਮਚਾਰੀ ਨੂੰ ਪੂਰੀ ਤਨਖਾਹ ਤਾ ਦਿੱਤੀ ਹੈ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਕਿਵੇਂ ਦਿੱਤੀ ਗਈ।