ਜਦੋਂ ਖਾਲਸੇ ਦੇ ਸ਼ਾਨਾਮੱਤੇ ਇਤਿਹਾਸ ਦੀ ਗੱਲ ਚਲਦੀ ਹੈ ਤਾਂ ਉਹ ਤਸਵੀਰਾਂ ਅਤੇ ਉਹ ਦ੍ਰਿਸ਼ ਆਪ ਮੁਹਾਰੇ ਸਾਡੇ ਸਾਹਮਣੇ ਆ ਜਾਂਦੇ ਹਨ ਜਦੋਂ ਖਾਲਸੇ ਨੇ ਆਪਣੇ ਪਿੰਡੇ ‘ਤੇ ਤਸੀਹੇ ਝੱਲ ਕੇ ਨਾ ਸਿਰਫ ਜ਼ਬਰ ਜ਼ੁਲਮ ਦਾ ਨਾਸ ਕੀਤਾ ਬਲਕਿ ਇਸ ਕਾਦਰ ਦੀ ਕੁਦਰਤ ਵਿੱਚ ਅਜਿਹਾ ਨਿਰਾਲਾ ਪੰਥ ਚਲਾ ਦਿੱਤਾ ਜਿਹੜਾ ਹਰ ਇੱਕ ਲਈ ਮਦਦਗਾਰ ਸਹਾਈ ਹੋਵੇ। ਗੁਰਧਾਮ ਸਿੱਖ ਨੂੰ ਜਾਨੋਂ ਵੱਧ ਪਿਆਰੇ ਨੇ ਜਿਸ ਦੀ ਮਾਣ ਮਰਯਾਦਾ ਲਈ ਹਰ ਸਿੱਖ ਆਪਣਾ ਆਪਾ ਤੱਕ ਕੁਰਬਾਨ ਕਰ ਸਕਦਾ ਹੈ।ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸਿੱਖਾਂ ਦਾ ਗੁਰਦੁਆਰਾ ਵਿਿਦਆਰਥੀਆਂ ਲਈ ਸਕੂਲ, ਆਤਮ ਜਗਿਆਸਾ ਵਾਲਿਆਂ ਲਈ ਗਯਾਨ ਉਪਦੇਸ਼ਕ ਆਚਾਰਯ ਰੋਗੀਆਂ ਲਈ ਸਫਾਖਾਨਾ ਭੁੱਖਿਆਂ ਲਈ ਅੰਨਪੂਰਨਾ, ਇਸਤਰੀ ਦੀ ਪਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫਰਾਂ ਲਈ ਵਿਸ਼੍ਰਾਮ ਦਾ ਅਸਥਾਨ ਹੁੰਦਾ ਹੈ। ਅੱਜ ਜਦੋਂ ਗੁਰਦੁਆਰਾ ਸਾਹਿਬ ਦੀ ਗੱਲ ਚਲਦੀ ਹੈ ਤਾਂ ਉਹ 20ਵੀਂ ਸਦੀ ਦਾ ਸਮਾਂ ਜਿਸ ਸਮੇਂ ਸਿੱਖਾਂ ਨੇ ਆਪਣੇ ਗੁਰੂਧਾਮਾਂ ਨੂੰ ਅਜ਼ਾਦ ਕਰਵਾਉਣ ਲਈ ਸਿਰਧੜ ਦੀ ਬਾਜੀ ਲਗਾ ਦਿੱਤੀ ਸਾਡੇ ਚੇਤੇ ਆਉਣਾ ਸੁਭਾਵਿਕ ਹੈ। ਦਰਅਸਲ ਉਸ ਸਮੇਂ ਗੁਰਦੁਆਰਾ ਸਾਹਿਬਾਨ ‘ਤੇ ਕਾਬਜ ਮਹੰਤਾਂ ਨੇ ਗੁਰ ਮਰਯਾਦਾ ਨੂੰ ਢਾਹ ਲਾਉਣੀ ਸ਼ੁਰੂ ਕਰ ਦਿੱਤੀ ਸੀ। ਜਿਸ ਲਈ ਸਿੰਘਾਂ ਨੇ ਮੋਰਚੇ ਲਗਾ ਦਿੱਤੇ। ਆਪਣੀਆਂ ਜਾਨਾਂ ਵਾਰ ਕੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਪੰਥਕ ਹੱਥਾਂ ਵਿੱਚ ਲਿਆਂਦਾ। ਜਿਸ ਮੋਰਚੇ ਦੀ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਉਹ ਹੈ ਗੁ. ਗੁਰੂ ਕਾ ਬਾਗ ਮੋਰਚਾ।
ਪਹਿਲਾਂ ਜੇਕਰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ‘ਤੇ ਨਜਰ ਮਾਰ ਲਈਏ ਤਾਂ ਇਸ ਪਾਵਨ ਅਸਥਾਨ ਦਾ ਪਹਿਲਾ ਨਾਮ ਗੁਰੂ ਕੀ ਰੋੜ ਸੀ। ਇਹ ਅਸਥਾਨ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਹੈ।ਇਹ ਪਾਵਨ ਅਸਥਾਨ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਤੋਂ 25 ਕਿ.ਮੀ. ਦੂਰ ਪਿੰਡ ਘੂਕੇਵਾਲੀ ਅਤੇ ਸੈਂਸਰਾ ਦੇ ਵਿਚਕਾਰ ਅਜਨਾਲਾ ਰੋਡ ‘ਤੇ ਕੁੱਕੜਾਵਾਲੇ ਤੋਂ ਫਤਹਿਗੜ੍ਹ ਚੂੜੀਆਂ ਵਾਲੀ ਸੜਕ ‘ਤੇ ਪੈਂਦਾ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਗੁਰੂ ਕੀ ਵਡਾਲੀ ਰਹਿੰਦਿਆਂ ਪਿੰਡ ਸੈਂਸਰੇ ਤੋਂ ਚੱਲ ਕੇ ਇੱਥੇ ਪਹੁੰਚੇ ਅਤੇ ਆਪ ਜੀ ਨੇ ਸੁਕੇਤ ਮੰਡੀ ਰਾਜੇ ਹਰੀ ਸੇਨ ਨੂੰ ਆਵਾ ਗਵਨ ਦੇ ਸੰਸਿਆਂ ਤੋਂ ਮੁਕਤ ਕੀਤਾ। ਨੌਵੇਂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਪਿੰਡ ਘੁੱਕੇਵਾਲੀ ਦੀ ਸੰਗਤ ਦੇ ਕਹਿਣ ‘ਤੇ ਵੱਲੇ ਪਿੰਡ ਤੋਂ ਚੱਲ ਕੇ ਲਾਲ ਚੰਦ ਦੇ ਕੋਲ ਪਹੁੰਚੇ ਤਾਂ ਆਪ ਜੀ ਨੇ ਗੁਰੂ ਕੀ ਰੌੜ ਦੇ ਅਸਥਾਨ ‘ਤੇ ਵੀ ਚਰਨ ਪਾਏ। ਇੱਥੇ ਗੁਰੂ ਜੀ ਨੇ ਸੰਗਤ ਨੂੰ ਬਾਗ ਲਗਾਉਣ ਦਾ ਆਦੇਸ਼ ਦਿੱਤਾ। ਜਿਸ ਦਿਨ ਤੋਂ ਇਸ ਪਾਵਨ ਅਸਥਾਨ ਦਾ ਨਾਮ ਗੁਰੂ ਕਾ ਬਾਗ ਪੈ ਗਿਆ।
ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਵੱਡੀਆਂ ਜਗੀਰਾਂ ਗੁਰਦੁਆਰਾ ਸਾਹਿਬਾਨ ਦੇ ਨਾਮ ਲਗਾਈਆਂ ਗਈਆਂ ਤਾਂ ਜੋ ਪ੍ਰਬੰਧ ਵਧੀਆਂ ਚੱਲ ਸਕਣ। ਪਰ ਸਮਾਂ ਪਾ ਕੇ ਉਹ ਦਿਨ ਆਇਆ ਜਦੋਂ ਗੁਰਦੁਆਰਾ ਸਾਹਿਬਾਨ ‘ਤੇ ਇੱਕ ਵਾਰ ਗੱਦਾਰਾਂ ਦੀ ਗੱਦਾਰੀ ਅਤੇ ਬ੍ਰਿਿਟਸ਼ ਰਾਜ ਦੀਆਂ ਕੂਟਨੀਤੀਆਂ ਕਾਰਨ ਮੀਣੀਆਂ ਅਤੇ ਧੀਰਮੱਲਿਆਂ ਦੀ ਸੋਚ ਦਾ ਬੋਲ ਬਾਲਾ ਹੋ ਗਿਆ। ਜਿਹੜੇ ਮਹੰਤ ਗੁਰਦੁਆਰਾ ਸਾਹਿਬਾਨ ਦੀ ਮਰਯਾਦਾ ਨੂੰ ਬਰਕਰਾਰ ਰੱਖਣ ਲਈ ਕਾਰਜ ਕਰਦੇ ਸਨ 20 ਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਤੱਕ ਉਹ ਅੱਤ ਦਰਜੇ ਦੇ ਨੀਚ, ਭ੍ਰਿਸ਼ਟ ਅਤੇ ਦੁਰਾਚਾਰੀ ਹੋ ਗਏ ਸਨ। ਲਗਾਤਾਰ ਉਨ੍ਹਾਂ ਵੱਲੋਂ ਗੁਰਮਰਯਾਦਾ ਨੂੰ ਢਾਹ ਲਾਈ ਜਾ ਰਹੀ ਸੀ। ਸ਼ਰਾਂਬਾਂ ਦੇ ਦੌਰ ਚਲਾਏ ਜਾ ਰਹੇ ਸੀ। ਤੇ ਖਾਲਸਾ ਇਸ ਨੂੰ ਕਿਵੇਂ ਬਰਦਾਸ਼ਤ ਕਰ ਸਕਦਾ ਸੀ। ਫਿਰ ਸਿਰਾਂ ‘ਤੇ ਕਾਲੀਆਂ ਪੱਗਾਂ ਬੰਨ ਕੇ ਸਿੱਖ ਯੋਧਿਆਂ ਵੱਲੋਂ ਉਹ ਸੰਘਰਸ਼ ਵਿੱਢਿਆ ਗਿਆ ਜਿਸ ਵਿੱਚ ਬੇਅੰਤ ਸ਼ਹਾਦਤਾਂ ਹੋਈਆਂ, ਕਿੰਨੇ ਹੀ ਸਿੰਘ ਜ਼ਖਮੀ ਹੋਏ ਤੇ ਕਿੰਨੇ ਹੀ ਅਪਾਹਜ । ਪਰ ਸਿੰਘਾਂ ਨੇ ਆਪਣੇ ਜਾਨੋਂ ਵੱਧ ਪਿਆਰੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਪੰਥਕ ਹੱਥਾਂ ਵਿੱਚ ਲਿਆਂਦਾ। ਗੁ.ਗੁਰੂ ਕਾ ਬਾਗ ਦੀ ਇਮਾਰਤ ਵੀ ਖਾਲਸਾ ਰਾਜ ਦੇ ਸਮੇਂ ਉਸਾਰੀ ਗਈ ਸੀ । ਜਿਸ ਦੀ ਸੇਵਾ ਸ. ਨਾਹਰ ਸਿੰਘ ਚਮਿਆਰੀ ਵੱਲੋਂ ਕਰਵਾਈ ਅਤੇ ਇਸ ਗੁ. ਸਾਹਿਬ ਦੇ ਪ੍ਰਬੰਧ ਲਈ ਖਤਰਾਏ ਕਲਾਂ ਦੇ ਰਹਿਣ ਵਾਲੇ ਸ. ਪੰਜਾਬ ਸਿੰਘ ਕੁਮੇਦਾਨ ਜੀ ਵੱਲੋਂ ਵੱਡੀ ਜਗੀਰ ਨਾਂ ਲਗਵਾ ਕੇ ਇੱਕ ਮਹੰਤ ਬਿਠਾ ਦਿੱਤਾ। ਮਹੰਤ ਕੁਝ ਸਮੇਂ ਬਾਅਦ ਹੀ ਗੁਰ ਮਰਯਾਦਾ ਦੇ ਖਿਲਾਫ ਕੂੜ ਪ੍ਰਚਾਰ ਕਰਨ ਲੱਗ ਪਿਆ।
ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈਂ ਤਬ ਜੂਝ ਮਰੋਂ ਦੇ ਮਹਾਂਵਾਕਾਂ ਅਨੁਸਾਰ 20ਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਵਿੱਚ ਹੀ ਸਿੱਖ ਕੌਮ ਨੇ ਆਪਣੇ ਗੁਰੂਧਾਮਾਂ ਦਾ ਪ੍ਰਬੰਧ ਸੁਧਾਰਨ ਲਈ ਯਤਨ ਸ਼ੁਰੂ ਕਰ ਦਿੱਤੇ। ਜਿਸ ਦੇ ਲਈ ਜੁਝਾਰੂ ਸਿੱਖਾਂ ਨੇ ਪਿੰਡੇ ‘ਤੇ ਅੱਤ ਦੇ ਜ਼ੁਲਮ ਸਹਿਨ ਕੀਤੇ । ਪਰ ਕੋਈ ਵੀ ਜ਼ੁਲਮ ਉਨ੍ਹਾਂ ਨੂੰ ਆਪਣੇ ਪਾਵਨ ਅਰਸ਼ੇ ਤੋਂ ਡੁਲਾ ਨਾ ਸਕਿਆ। ਗੁ. ਬਾਬੇ ਕੀ ਬੇਰ ਸਿਆਲਕੋਟ, ਗੁ. ਸ੍ਰੀ ਤਰਨ ਤਾਰਨ ਸਾਹਿਬ, ਗੁ. ਸ੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ ਸਿੱਖਾਂ ਦੀ ਇਸ ਸੰਸਥਾ ਦੇ ਹੱਥਾਂ ਵਿੱਚ ਆ ਗਿਆ ਸੀ। ਗੁਰੂ ਕੇ ਬਾਗ ਦਾ ਮਹੰਤ ਬਿਸ਼ਨ ਦਾਸ ਵੀ ਅੰਤ ਦਰਜੇ ਦਾ ਨੀਚ ਵਿਅਕਤੀ ਸੀ । ਜਿਸ ਨੇ 1837 ਈ ਵਿੱਚ ਸ਼ਰਧਾ ਰਾਮ ਫਿਲੌਰੀ ਦਾ ਲੈਕਚਰ ਕਰਵਾਇਆ ਜਿਸ ਵਿੱਚ ਸਿੱਖੀ ਦੇ ਖਿਲਾਫ ਕੂੜ ਪ੍ਰਚਾਰ ਕੀਤਾ ਗਿਆ। ਬਿਸ਼ਨ ਦਾਸ ਦੀ ਮੌਤ ਤੋਂ ਬਾਅਦ ਉਸ ਦਾ ਚੇਲਾ ਸੁੰਦਰ ਦਾਸ ਕਾਬਜ ਹੋਇਆ। ਸੁੰਦਰ ਦਾਸ ਬਿਸਨ ਦਾਸ ਤੋਂ ਵੀ ਕਿਤੇ ਜਿਆਦਾ ਭ੍ਰਿਸ਼ਟ ਅਤੇ ਦੁਰਾਚਾਰੀ ਸੀ। ਜਿਸ ਤੋਂ ਗੁਰਦੁਆਰਾ ਸਾਹਿਬ ਦੀ ਮਰਯਾਦਾ ਨੂੰ ਬਹਾਲ ਕਰਵਾਉਣ ਲਈ 31 ਜਨਵਰੀ 1921 ਈ. ਨੂੰ ਸ਼੍ਰੋਮਣੀ ਗੁ. ਪ੍ਰ. ਕਮੇਟੀ ਦੀ ਅਗਵਾਈ ਹੇਠ ਸ.ਕਰਤਾਰ ਸਿੰਘ ਝੱਬਰ ਅਤੇ ਸ.ਦਾਨ ਸਿੰਘ ਵਿਛੋਆ ਜਥਾ ਲੈ ਕੇ ਗੁਰੂ ਕਾ ਬਾਗ ਦੇ ਅਸਥਾਨ ‘ਤੇ ਪਹੁੰਚੇ। ਇਸ ਮੌਕੇ ਸੁੰਦਰ ਦਾਸ ਦੇ ਸਨਮੁੱਖ ਸ਼ਰਤਾਂ ਰੱਖੀਆਂ ਗਈਆਂ ਕਿ ਮਹੰਤ ਵਿਆਹ ਕਰਵਾਏਗਾ ਅਤੇ ਕਿਸੇ ਹੋਰ ਔਰਤ ਨਾਲ ਅਯੋਗ ਸਬੰਧ ਨਹੀਂ ਰੱਖੇਗਾ।
ਮਹੰਤ ਅੰਮ੍ਰਿਤਧਾਰੀ ਹੋ ਕੇ ਸਿੰਘ ਸਜੇਗਾ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ 11 ਮੈਂਬਰੀ ਕਮੇਟੀ ਦੇ ਅਧੀਨ ਪ੍ਰਬੰਧ ਚਲਾਏਗਾ
ਮਹੰਤ ਨੇ ਇਹ ਸਾਰੀਆਂ ਸ਼ਰਤਾਂ ਮੰਨ ਲਈਆਂ ਅਤੇ ਵਾਅਦੇ ‘ਤੇ ਦਸਤਖਤ ਵੀਕ ਰ ਦਿੱਤੇ। ਪਰ ਅੰਗਰੇਜ਼ ਹਕੂਮਤ ਦੀ ਸ਼ੈਅ ‘ਤੇ ਕੁਝ ਸਮੇਂ ਬਾਅਦ ਹੀ ਉਹ ਆਪਣੇ ਵਾਅਦੇ ਤੋਂ ਮੁਕਰ ਗਿਆ। ਉਸ ਨੇ ਗੁ. ਗੁਰੂ ਕਾ ਬਾਗ ਦੀ ਜਾਗੀਰ ਨੂੰ ਆਪਣੀ ਨਾ ਸਿਰਫ ਨਿੱਜੀ ਸੰਪਤੀ ਮੰਨ ਲਿਆ ਬਲਕਿ ਗੁ. ਸਾਹਿਬ ਦੀ ਲੋਕਲ ਕਮੇਟੀ ਵਾਲੇ ਸਾਰੇ ਕਾਗਜ ਵੀ ਜੂਨ 1921 ਵਿੱਚ ਸਾੜ ਦਿੱਤੇ। 23 ਅਗਸਤ 1921 ਈ. ਨੁੰ ਇੱਕ ਵਾਰ ਫਿਰ ਸ. ਦਾਨ ਸਿੰਘ ਵਿਛੋਆ ਦੀ ਅਗਵਾਈ ਵਿੱਚ ਇੱਕ ਜਥਾ ਉੱਥੇ ਪਹੁੰਚਿਆ ਤੇ ਇੱਕ ਵਾਰ ਫਿਰ ਸੁੰਦਰ ਦਾਸ ਸੁਧਰ ਗਿਆ। ਪ੍ਰਬੰਧ ਸ਼੍ਰੋਮਣੀ ਗੁ. ਪ੍ਰ. ਕਮੇਟੀ ਅਧੀਨ ਚੰਗੀ ਤਰ੍ਹਾਂ ਚਲਾ ਰਿਹਾ। ਵਿਸ਼ੇਸ਼ ਮੌਕਿਆਂ ‘ਤੇ ਦੀਵਾਨ ਸਜਦੇ,ਗੁਰੂ ਕਾ ਲੰਗਰ ਅਤੁੱਟ ਵਰਤਦਾ। ਲੰਗਰ ਲਈ ਬਾਲਣ ਦਾ ਇੰਤਜਾਮ ਗੁ. ਸਾਹਿਬ ਦੀ ਜ਼ਮੀਨ ‘ਤੇ ਸਥਿਤ ਸੁੱਕੇ ਦਰਖਤ ਕੱਟ ਕੇ ਕੀਤਾ ਜਾਂਦਾ।ਕੁਝ ਸਮਾਂ ਬਾਅਦ ਮਹੰਤ ਨੇ ਦਰਖਤ ਕੱਟਣ ਤੋਂ ਮਨਾ ਕਰ ਦਿੱਤਾ। 8 ਅਗਸਤ 1922 ਈ . ਨੂੰ ਰੋਜਾਨਾ ਵਾਂਗ ਪੰਜ ਸੇਵਕਾਂ ਨੇ ਲੱਕੜਾਂ ਕੱਟੀਆਂ ਗਈਆਂ ਤਾਂ ਜ਼ੈਲਦਾਰ ਬ੍ਰਿਜ ਲਾਲ ਦੀ ਇਤਲਾਹ ‘ਤੇ ਮਿਸਟਰ ਡੰਨਟ ਨੇ 9 ਅਗਸਤ ਵਾਲੇ ਦਿਨ ਇਨ੍ਹਾਂ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ। ਜਿਨ੍ਹਾਂ ਵਿੱਚ ਭਾਈ ਸੰਤੋਖ ਸਿੰਘ ਲਸ਼ਕਰੀ ਨੰਗਲ, ਭਾਈ ਲਾਭ ਸਿੰਘ ਰਾਜਾਸਾਂਸੀ, ਭਾਈ ਲਾਭ ਸਿੰਘ ਮੱਤੇ ਨੰਗਲ, ਭਾਈ ਸੰਤਾ ਸਿੰਘ ਮੇਸਾ ਸ਼ਾਮਲ ਸਨ। ਇਨ੍ਹਾਂ ਨੂੰ ਚੋਰੀ ਦੇ ਇਲਜ਼ਾਮ ਵਿੱਚ 50 ਰੁਪਏ ਜ਼ੁਰਮਾਨਾ ਅਤੇ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ। ਜਿਸ ਤੋਂ ਬਾਅਦ ਮਹੰਤ ਸੁੰਦਰ ਦਾਸ ਤੋਂ ਵੀ ਸ਼ਿਕਾਇਤ ਲੈ ਲਈ ਗਈ।
ਇੱਥੇ ਦੱਸ ਦੇਈਏ ਕਿ ਗੁ. ਗੁਰੂ ਕਾ ਬਾਗ ਦਾ ਕੁੱਲ ਰਕਬਾ ਲਗਭਗ 524 ਕਨਾਲ 12 ਮਰਲੇ ਸੀ। ਮਹੰਤ ਸੁੰਦਰ ਦਾਸ ਜ਼ਮੀਨ ਦਾ ਕਾਸ਼ਤਕਾਰ ਸੀ ਤੇ ਇਹ ਕਬਜਾ ਮੁਖਾਲਿਫਾਨਾ 1892 ਈ ਤੋਂ ਚਲਦਾ ਆ ਰਿਹਾ ਸੀ। ਜੇਕਰ ਸਿੰਘਾਂ ਨੇ ਲੱਕੜਾਂ ਕੱਟੀਆਂ ਤਾਂ ਉਹ ਸ਼੍ਰੋਮਣੀ ਕਮੇਟੀ ਦੀ ਮਲਕੀਅਤ ਸੀ ਅਤੇ ਕਿਸੇ ਵੀ ਤਰੀਕੇ ਗੈਰ ਕਨੂੰਨੀ ਨਹੀਂ ਹੋ ਸਕਦਾ ਸੀ।ਪਰ ਅਕਾਲੀਆਂ ‘ਤੇ ਚੋਰੀ ਦਾ ਇਲਜ਼ਾਮ ਲਗਾ ਕੇ ਅੰਗਰੇਜ਼ ਸਰਕਾਰ ਉਸ ਲਹਿਰ ਨੂੰ ਦਬਾਉਣਾ ਚਾਹੁੰਦੀ ਸੀ ਜਿਹੜੀ ਕਿ ਗੁਰਦੁਆਰਿਆਂ ਦੇ ਸੁਧਾਰ ਲਈ ਉਸ ਸਮੇਂ ਵਿੱਢੀ ਗਈ ਸੀ।
ਅਨਿਆਂ ਦੇ ਖਿਲਾਫ ਅਵਾਜ ਬੁਲੰਦ ਹੋਈ। ਕੇਸਰੀ ਪਰਚਮ ਦੇ ਹੇਠ ਪੰਥ ਇਕੱਤਰ ਹੋਇਆ ਤੇ ਗੁ. ਮੰਜੀ ਸਾਹਿਬ ਦੀਵਾਨ ਹਾਲ ਦਾ ਅਸਥਾਨ ਸੀ। 20,21 ਅਤੇ 22 ਅਗਸਤ ਵਾਲੇ ਦਿਨ ਦੀਵਾਨ ਸਜਾਏ ਗਏ। ਜਿਸ ਵਿੱਚ ਤਕਰੀਰਾਂ ਕੀਤੀਆਂ ਗਈਆਂ ਅਤੇ ਸਰਕਾਰ ਦੀ ਕਾਰਵਾਈ ਦੀ ਨਿੰਦਾ ਕੀਤੀ ਗਈ। ਇਸ ਮੌਕੇ ਫੈਸਲਾ ਕੀਤਾ ਗਿਆ ਕਿ ਹਰ ਦਿਨ ਪੰਜ ਸਿੰਘ ਕਾਲੀਆਂ ਦਸਤਾਰਾਂ ਸਜਾ ਕੇ ਗੁਰੂ ਕੇ ਬਾਗ ਦੇ ਅਸਥਾਨ ‘ਤੇ ਪਹੁੰਚਿਆ ਕਰਨਗੇ। ਪਰ ਇਹ ਫੈਸਲਾ ਕੀਤਾ ਗਿਆ ਕਿ ਅਨਿਆਂ ਦਾ ਮੁਕਾਬਲਾ ਸਿੰਘ ਸ਼ਾਂਤਮਈ ਰਹਿ ਕੇ ਕਰਨਗੇ। ਜਥੇ ਦਾ ਪਹਿਰਾਵਾ ਬੇਹੱਦ ਖਾਸ ਹੁੰਦਾ ਸੀ ਸਿਰਾਂ ‘ਤੇ ਕਾਲੀਆਂ ਦਸਤਾਰਾਂ, ਗਲਾਂ ਵਿੱਚ ਫੁੱਲ ਮਾਲਾ ਪਾ ਕੇ ਜਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਰਵਾਨਾ ਹੁੰਦਾ। ਸ਼ਹਿਰ ‘ਚ ਉਨ੍ਹਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ, 22 ਅਗਸਤ 1922 ਜਿਸ ਦਿਨ ਤੋਂ ਪੁਲਿਸ ਨੇ ਸਿੰਘਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਦਿਨ ਹੀ ਅਸਲ ਰੂਪ ਵਿੱਚ ਮੋਰਚਾ ਗੁਰੂ ਕਾ ਬਾਗ ਦੀ ਅਸਲ ਸ਼ੁਰੂਆਤ ਹੋਈ।
ਮੋਰਚੇ ਦੀ ਸ਼ੁਰੂਆਤ ਹੋ ਗਈ ਸੀ। 22 ਅਗਸਤ ਵਾਲੇ ਦਿਨ 60 ਸਿੰਘ ਗ੍ਰਿਫਤਾਰ ਹੋਏ। 23 ਅਗਸਤ ਨੂੰ ਐਡੀਸ਼ਨਲ ਸੁਪ੍ਰਿਟੈਡੈਂਟ ਆਫ ਪੁਲਿਸ ਮਿ. ਬੀਟੀ ਅਤੇ ਮੈਜਿਸਟ੍ਰੇਟ ਈਵਾਨ ਨੇ ਭਾਈ ਨਿਰੰਜਣ ਸਿੰਘ ਸਮੇਤ 4 ਸਿੰਘਾਂ ਨੂੰ ਗ੍ਰਿਫਤਾਰ ਕੀਤਾ। 24 ਅਗਸਤ ਨੂੰ 180 ਸਿੰਘ ਗ੍ਰਿਫਤਾਰ ਹੋ ਗਏ। ਇਸ ਤਰ੍ਹਾਂ 25 ਅਗਸਤ ਨੂੰ ਅੰਗਰੇਜ਼ ਹਕੂਮਤ ਨੇ ਤਸ਼ੱਦਦ ਦਾ ਉਹ ਕਹਿਰ ਵਰਾਇਆ ਜਿਸ ਨੂੰ ਦੇਖ ਸੁਣ ਕੇ ਹਰ ਅੱਖ ਨਮ ਹੋ ਉੱਠੀ। ਸਿੰਘਾਂ ਦੀ ਮਾਰਕੁਟਾਈ ਸ਼ੁਰੂ ਕਰ ਦਿੱਤੀ। 25 ਅਗਸਤ ਵਾਲੇ ਦਿਨ 3 ਸਿੰਘ ਗੰਭੀਰ ਜ਼ਖਮੀ ਹੋਏ।ਅੰਗਰੇਜ਼ ਪੁਲਿਸ ਨੇ ਇਸ ਕਦਰ ਤਸ਼ੱਦਦ ਢਾਹਿਆ ਕਿ ਸਿੰਘਾਂ ਨੂੰ ਕੇਸਾਂ ਤੋਂ ਫੜ ਕੇ ਘੜੀਸਿਆ ਜਾਂਦਾ। ਉਨ੍ਹਾਂ ‘ਤੇ ਸੰੁਮੇਦਾਰ ਡਾਂਗਾਂ ਨਾਲ ਕੁੱਟਿਆ ਜਾਂਦਾ। ਕਹਿੰਦੇ ਨੇ ਇੱਕ ਜਥਾ ਲਾਇਲਪੁਰ ਤੋਂ ਮੋਰਚੇ ‘ਚ ਹਿੱਸਾ ਲੈਣ ਆ ਰਿਹਾ ਸੀ ਤਾਂ ਪੁਲਿਸ ਨੇ ਪਿੱਛੇ ਮੁੜਨ ਲਈ ਕਹਿ ਦਿੱਤਾ। ਪਰ ਜਥੇਦਾਰ ਸ. ਪ੍ਰਿਥੀਪਾਲ ਸਿੰਘ ਨੇ ਪਿਛੇ ਮੁੜਨ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ‘ਤੇ ਅਕਹਿ ਤਸ਼ੱਦਦ ਢਾਹਿਆ ਗਿਆ। ਸਿੰਘਾਂ ਨੇ ਸਬਰ ਦਾ ਇੱਕ ਅਨੋਖਾ ਪ੍ਰਮਾਣ ਦਿੱਤਾ। ਉਹ ਅੰਤ ਦਾ ਕਹਿਰ ਵਰ੍ਹਾਉਂਦੇ ਤੇ ਸਿੰਘ ਮੁੱਖ ਤੋਂ ਸ਼ਾਂਤਮਈ ਰਹਿੰਦਿਆਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਰਹਿੰਦੇ। ਬੇਹੋਸ਼ੀ ਦੀ ਹਾਲਤ ਵਿੱਚ ਕਈਆਂ ਨੂੰ ਨਹਿਰ ‘ਚ ਸੁੱਟ ਦਿੱਤਾ ਜਾਂਦਾ। ਇੱਥੋਂ ਤੱਕ ਕੇ ਜ਼ਖਮੀਆਂ ਦੇ ਲਈ ਦਵਾ ਦਾਰੂ ਦਾ ਪ੍ਰਬੰਧ ਵੀ ਜੇਕਰ ਕੋਈ ਕਰਦਾ ਸੀ ਤਾਂ ਅੰਗਰੇਜ਼ ਪੁਲਿਸ ਉਸ ਨੂੰ ਵੀ ਲੁੱਟ ਲੈਂਦੇ। ਪਿੰਡ ਸੈਂਸਰਾਂ, ਘੁੱਕੇਵਾਲੀ, ਲਸ਼ਕਰੀ ਨੰਗਲ, ਜਗਦੇਉ ਕਲਾਂ, ਮੱਲੂ ਨੰਗਲ, ਆਦਿ ਪਿੰਡਾਂ ਦੇ ਸਿੰਘਾਂ ਨੇ ਤਸ਼ੱਦਦ ਨੂੰ ਸਹਾਰ ਕੇ ਵੀ ਸਿੰਘਾਂ ਦੀ ਸੇਵਾ ਕੀਤੀ।
ਜਿੱਥੇ ਸਿੰਘ ਇਸ ਮੋਰਚੇ ‘ਚ ਆਪਣੀ ਸਵੈ ਇੱਛਾ ਅਨੁਸਾਰ ਭਾਗ ਲੈ ਰਹੇ ਸਨ ਤਾਂ ਉੱਥੇ ਹੀ ਬੀਬੀਆਂ ਨੇ ਵੀ ਆਪਣੀ ਇੱਛਾ ਵਿਅਕਤ ਕੀਤੀ ਪਰ ਦੂਰ ਅੰਦੇਸ਼ੀ ਨਤੀਜਿਆਂ ਨੂੰ ਦੇਖਦਿਆਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਦੀ ਇਜਾਜ਼ਤ ਨਾ ਦਿੱਤੀ ਗਈ। ਅੰਗਰੇਜ਼ ਹਕੂਮਤ ਵੱਲੋਂ ਸਿੰਘਾਂ ਨੂੰ ਹੰਟਰਾਂ ਤੇ ਸੁੰਮੇਦਾਰ ਡਾਂਗਾਂ ਨਾਲ ਕੁੱਟਿਆ ਜਾਂਦਾ ਉਨ੍ਹਾਂ ਦੀ ਛਾਤੀ ‘ਤੇ ਚੜ੍ਹ ਕੇ ਕੁਚਲਿਆ ਜਾਂਦਾ, ਕੇਸ ਪੁੱਟੇ ਜਾਂਦੇ, ਗੁਪਤ ਅੰਗਾਂ ‘ਤੇ ਸੱਟਾਂ ਮਾਰੀਆਂ ਜਾਂਦੀਆਂ,ਘੋੜਿਆਂ ਹੇਠ ਲਤਾੜਿਆ ਜਾਂਦਾ, ਅਤੇ ਇਸ ਤੋਂ ਬਾਅਦ ਨਹਿਰ ਵਿੱਚ ਸੁੱਟ ਦਿੱਤਾ ਜਾਂਦਾ। ਜਿਹੜੀ ਡਾਂਗ ਨਾਲ ਸਿੰਘਾਂ ਨੂੰ ਕੁੱਟਿਆ ਜਾਂਦਾ ਸੀ ਉਹ ਡੇਢ ਇੰਚ ਮੋਟੀ ਪੰਜ ਤੋਂ ਛੇ ਫੁੱਟ ਲੰਮੀ ਹੁੰਦੀ ਸੀ ਅਤੇ ਇਸ ਦੇ ਹੇਠਲੇ ਸਿਰੇ ‘ਤੇ ਪੰਜ ਤੋਂ ਛੇ ਇੰਚ ਲੰਮੀ ਲੋਹੇ ਦੀ ਸੁੰਮ ਲੱਗੀ ਹੁੰਦੀ ਸੀ।
ਮਿਰਜਾ ਯਾਕੁਬ ਬੇਗ ਨੇ ਇਸ ਤਸ਼ੱਦਦ ਨੂੰ ਦੇਖਦਿਆਂ ਇੱਕ ਟਿੱਪਣੀ ਕੀਤੀ ਸੀ ਕਿ ਸਿੱਖ ਹਰ ਕੌਮ ਨਾਲੋ ਸਖਤ ਹਨ ਜੇਕਰ ਇੰਨਾ ਤਸ਼ੱਦਦ ਕਿਸੇ ਹੋਰ ਕੌਮ ‘ਤੇ ਹੋਇਆ ਹੁੰਦਾ ਤਾਂ ਉਹ ਬਹੁਤ ਦੁੱਖ ਪਾਉਂਦੇ। ਜਥਾ ਸ਼ਾਂਤਮਈ ਰਿਹਾ ਪਰ ਪੁਲਿਸ ਨੇ ਅਮਨ ਭੰਗ ਕੀਤਾ ਅਕਾਲੀਆਂ ਵਿੱਚ ਰੱਬ ਵਸਦਾ ਸੀ ਪਰ ਪੁਲਿਸ ਜ਼ੁਲਮੀ ਤਾਕਤ ਸੀ। ਕਿਸੇ ਵੀ ਸਿੱਖ ਨੇ ਮਾਰ ਪੈਣ ‘ਤੇ ਹਾਇ ਨਹੀਂ ਕੀਤਾ ਨਾ ਹੀ ਖੁਦ ਨੂੰ ਬਚਾਉਣ ਦਾ ਯਤਨ ਕੀਤਾ।
3 ਸਤੰਬਰ ਵਾਲੇ ਦਿਨ ਜਿਹੜਾ ਜਥਾ ਰਵਾਨਾ ਹੋਇਆ ਉਸ ਦੇ ਨਾਲ 2000 ਦਰਸ਼ਕਾਂ ਤੋਂ ਇਲਾਵਾ ਕਾਂਗਰਸੀ ਲੀਡਰ ਪੰਡਤ ਮਦਨ ਮੋਹਨ ਮਾਲਵੀਆ,ਮੁਹੰਮਦ ਮਲਕ ਲਾਲ ਖਾਂ ਅਤੇ ਕਈ ਹੋਰ ਆਗੂ ਵੀ ਸ਼ਾਮਲ ਹੋਏ। ਦੇਸ਼ ਵਿੱਚ ਵੱਡੇ ਪੱਧਰ ‘ਤੇ ਵਿਰੋਧ ਹੋਣ ‘ਤੇ 9 ਸਤੰਬਰ ਤੋਂ ਰਸਤਿਆਂ ਵਾਲੇ ਮੋਰਚੇ ਤਾਂ ਭਾਵੇਂ ਉਠਾ ਲਏ ਗਏ ਪਰ ਗੁਰੂ ਕੇ ਬਾਗ ਦੇ ਸਥਾਨ ‘ਤੇ ਮਾਰ ਕੁਟਾਈ ਦੀ ਦਾਸਤਾ ਉਸੇ ਤਰ੍ਹਾਂ ਹੀ ਵਾਪਰਦੀ ਰਹੀ। 12 ਸਤੰਬਰ ਵਾਲੇ ਦਿਨ ਈਸਾਈ ਪਾਦਰੀ ਸੀ.ਐੱਫ. ਐਂਡਰੀਊਜ਼ ਮੋਰਚਾ ਗੁਰੂ ਕੇ ਬਾਗ ਦੇ ਜ਼ਖਮੀਆਂ ਦਾ ਹਾਲ ਜਾਣਨ ਪਹੁੰਚੇ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਉਸ ਨੇ ਅੱਜ ਸੈਂਕੜੇ ਯਸੂ ਮਸੀਹ ਸੂਲੀ ਚੜ੍ਹਦੇ ਦੇਖੇ ਹਨ।ਇਸ ਤਰ੍ਹਾਂ ਅੰਗਰੇਜ਼ ਸਰਕਾਰ ਚਾਹ ਕੇ ਵੀ ਅਕਾਲੀ ਸਿੱਖਾਂ ਦਾ ਉਹ ਸੰਘਰਸ਼ ਠੱਲ ਨਾ ਸਕੀ। ਪਰ ਸਿੰਘਾਂ ਦੇ ਕੈਦ ਦੌਰਾਨ ਵੀ ਬੇਇੰਤਹਾ ਦਾ ਤਸ਼ੱਦਦ ਢਾਹਿਆ ਗਿਆ ਸੀ। ਜਦੋਂ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ ਤਾਂ ਉਨ੍ਹਾਂ ਵਿੱਚੋਂ ਕਈ ਤੁਰਨ ਤੋਂ ਵੀ ਅਸਮਰਥ ਸਨ।
17 ਨਵੰਬਰ 1922 ਨੂੰ ਮੋਰਚਾ ਖਤਮ ਹੋਇਆ। ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ ਦੇ ਕਥਨ ਅਨੁਸਾਰ ਪਹਿਲਾਂ ਸਰਕਾਰ ਨੇ ਢੰਡੋਰਾ ਪਿੱਟਿਆ ਕਿ ਸਰਕਾਰ ਮਸਲੇ ਦਾ ਹੱਲ ਚਾਹੁੰਦੀ ਹੈ ਅਤੇ ਫਿਰ ਸਰ ਗੰਗਾ ਰਾਮ ਨੂੰ ਮਸਲੇ ਵਿੱਚ ਪਾ ਕੇ ਹੱਲ ਕਰਨ ਲਈ ਕਿਹਾ। ਅੰਤ 18 ਨਵੰਬਰ ਨੂੰ ਸਰ ਗੰਗਾ ਰਾਮ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਜ਼ਮੀਨ ਸ਼਼੍ਰੋਮਣੀ ਗੁ. ਪ੍ਰ. ਕਮੇਟੀ ਦੇ ਸਪੁਰਦ ਕਰ ਦਿੱਤੀ ਅਤੇ ਮੋਰਚਾ ਖਤਮ ਹੋਇਆ।
ਗੁਰੂ ਰੱਖੀ ਲਾਜ ਫਤਿਹ ਮੋਰਚੇ ਨੇ ਪਾਈ ਏ
ਖਾਲਸੇ ਦੇ ਘਰ ਵਜੀ ਖੁਸ਼ੀ ਦੀ ਵਧਾਈ ਏ
ਗੁਰੂ ਜੱਸ ਯਾਦ ਰਹੇ ਜਾਗਦੇ ਤੇ ਸੌਂਦਿਆਂ
ਪੁਰਬ ਮਨਾਈਏ ਗੀਤ ਯੋਧਿਆਂ ਦੇ ਗਾਉਂਦਿਆਂ।
ਅੱਜ ਇਸ ਮੋਰਚੇ ਨੂੰ ਵਾਪਰਿਆਂ 100 ਸਾਲ ਦਾ ਸਮਾਂ ਹੋ ਗਿਆ ਅਸੀਂ ਉਨ੍ਹਾਂ ਸਿਦਕੀਵਾਨ ਸਿੱਖਾਂ ਦੀ ਘਾਲਣਾ ਨੂੰ ਪ੍ਰਨਾਮ ਕਰਦੇ ਹਾਂ। ਮੋਰਚਾ ਗੁਰੂ ਕੇ ਬਾਗ ਦੇ ਸਿੰਘਾਂ ਨੂੰ ਕੋਟਾਨ ਕੋਟਿ ਪ੍ਰਣਾਮ।