ਨੈਨੋਜ਼ ਵੱਲੋਂ ਕੀਤੇ ਗਏ ਤਾਜ਼ਾ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਪਿਛਲੇ ਚਾਰ ਹਫ਼ਤਿਆਂ ਦੌਰਾਨ ਕੰਜ਼ਰਵੇਟਿਵ ਪਾਰਟੀ ਦੀ ਸਥਿਤੀ ਮਜ਼ਬੂਤ ਹੋਈ ਹੈ, ਜਦੋਂ ਕਿ ਲਿਬਰਲ ਪਸੰਦੀਦਾ ਪਾਰਟੀ ਇੰਡੈਕਸ ਵਿੱਚ ਪੰਜ ਫੀਸਦੀ ਦੀ ਗਿਰਾਵਟ ਤੋਂ ਬਾਅਦ ਦੂਜੇ ਸਥਾਨ ‘ਤੇ ਆ ਗਏ ਹਨ। ਕੰਜ਼ਰਵੇਟਿਵ ਸੱਤਾਧਾਰੀ ਲਿਬਰਲਾਂ ਤੋਂ ਤਿੰਨ ਅੰਕ ਅੱਗੇ ਚੱਲ ਰਹੇ ਹਨ। ਐਨਡੀਪੀ ਇਸ ਸਮੇਂ ਦੌਰਾਨ ਛੇ ਅੰਕਾਂ ਦੇ ਵਾਧੇ ਨਾਲ ਤੀਜੇ ਸਥਾਨ ‘ਤੇ ਹੈ। ਨੈਨੋਜ਼ ਰਿਸਰਚ ਦੇ ਸੰਸਥਾਪਕ ਅਤੇ ਮੁੱਖ ਡੇਟਾ ਸਾਇੰਟਿਸਟ ਨਿਕ ਨਨੋਜ਼ ਦਾ ਕਹਿਣਾ ਹੈ ਕਿ ਐਨਡੀਪੀ ਦੇ ਸਮਰਥਨ ਨਾਲ ਲਿਬਰਲ ਪਹਿਲਾਂ ਨਾਲੋਂ ਕਮਜ਼ੋਰ ਸਥਿਤੀ ਵਿੱਚ ਹਨ। “ਇਸ ਵੇਲੇ ਲਿਬਰਲਾਂ ਲਈ ਇਹ ਬਹੁਤ ਬੁਰੀ ਖ਼ਬਰ ਹੈ,” ਉਸਨੇ ਕਿਹਾ।
ਉਨ੍ਹਾਂ ਕਿਹਾ ਕਿ ਇਹ ਅੰਕੜੇ 2011 ਵਿੱਚ ਸਟੀਫਨ ਹਾਰਪਰ ਦੀ ਅਗਵਾਈ ਵਿੱਚ ਬਣੀ ਸਰਕਾਰ ਦੇ ਸਮੇਂ ਦੀ ਯਾਦ ਦਿਵਾਉਂਦੇ ਹਨ ਅਤੇ ਉਸ ਸਮੇਂ ਜੈਕ ਲੇਅਟਨ ਦੀ ਅਗਵਾਈ ਵਿੱਚ ਐਨਡੀਪੀ ਨੇ ਵੱਡੀਆਂ ਵੋਟਾਂ ਹਾਸਲ ਕਰਕੇ ਲਿਬਰਲਾਂ ਨੂੰ ਖੂੰਜੇ ਲਾ ਦਿੱਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਹ ਸਥਿਤੀ ਬਣੀ ਰਹਿੰਦੀ ਹੈ ਅਤੇ ਐਨਡੀਪੀ ਵੀ ਚੰਗੀ ਕਾਰਗੁਜ਼ਾਰੀ ਦਿਖਾਉਂਦੀ ਰਹਿੰਦੀ ਹੈ ਤਾਂ ਪਿਏਰ ਪੌਲੀਏਵਰ ਅਤੇ ਕੰਜ਼ਰਵੇਟਿਵਾਂ ਲਈ ਇਹ ਬਹੁਤ ਚੰਗੀ ਖ਼ਬਰ ਹੋਵੇਗੀ। ਇਸ ਸਮੇਂ ਕੰਜ਼ਰਵੇਟਿਵ ਅਤੇ ਐਨਡੀਪੀ ਲਈ ਸਮਾਂ ਬਹੁਤ ਵਧੀਆ ਚੱਲ ਰਿਹਾ ਹੈ ਅਤੇ ਦੋਵੇਂ ਪਾਰਟੀਆਂ ਲਿਬਰਲ ਵੋਟ ਨੂੰ ਤੋੜਨ ਵਿੱਚ ਕਾਮਯਾਬ ਹੋ ਰਹੀਆਂ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹੁਣ ਲਿਬਰਲਾਂ ਲਈ ਆਪਣੀ ਨੀਂਦ ਤੋਂ ਜਾਗ ਕੇ ਆਪਣੇ ਨਾਲੋਂ ਟੁੱਟ ਰਹੇ ਵੋਟਰਾਂ ਨੂੰ ਮੁੜ ਨਾਲ ਜੋੜਣ ਦਾ ਸਮਾਂ ਆ ਗਿਆ ਹੈ।