ਕੈਨੇਡਾ ਵਿਚ ਬੁੱਢੀ ਹੋ ਰਹੀ ਆਬਾਦੀ ਕਾਰਨ ਕਾਮਿਆਂ ਦੇ ਰਿਟਾਇਰ ਹੋਣ ਵਿਚ ਵਾਧਾ, ਇਸ ਸਮੇਂ ਕਾਮਿਆਂ ਦੀ ਘਾਟ ਨਾਲ ਜੂਝ ਰਹੇ ਕੈਨੇਡਾ ਲਈ ਸਮੱਸਿਆ ਨੂੰ ਹੋਰ ਗਹਿਰਾ ਕਰ ਰਿਹਾ ਹੈ।
ਟੂਲਜ਼ ਸੰਦ ਬਣਾਉਣ ਵਾਲੀ ਇੱਕ ਕੰਪਨੀ ਨੇ ਕਾਮਿਆਂ ਦੀ ਘਾਟ ਦੇ ਚਲਦਿਆਂ, ਨਵੀਂ ਭਰਤੀ ਲਈ ਨਵੀਂ ਨੀਤੀ ਇਖ਼ਤਿਆਰ ਕੀਤੀ ਹੈ। ‘ਨੋ ਐਕਸਪੀਰੀਐਂਸ ਨੀਡੇਡ’ ਭਾਵ ਪਹਿਲਾਂ ਤਜਰਬਾ ਹੋਣਾ ਜ਼ਰੂਰੀ ਨਹੀਂ। ਇਸ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਕੰਪਨੀਆਂ ਨੂੰ ਕਾਮਿਆਂ ਦੀ ਘਾਟ ਕਿੰਨੀ ਤੀਬਰ ਹੈ ਅਤੇ ਉਨ੍ਹਾਂ ਨੂੰ ਨਵੇਂ ਕਾਮਿਆਂ ਦੀ ਕਿਸ ਕਦਰ ਜ਼ਰੂਰਤ ਹੈ।
ਕੋਵਿਡ ਮਹਾਂਮਾਰੀ ਦੌਰਾਨ ਜਿੱਥੇ ਇੱਕ ਪਾਸੇ ਬਹੁਤ ਸਾਰੇ ਕਾਮੇ ਰਿਟਾਇਰ ਹੋਏ ਉੱਥੇ ਦੂਸਰੇ ਪਾਸੇ ਲੌਕਡਾਊਨਾਂ ਕਾਰਨ ਲੋਕਾਂ ਨੇ ਗਾਰਡਨਿੰਗ ਜਾਂ ਵੁੱਡਵਰਕ ਵਰਗੇ ਕੰਮਾਂ ਵੱਲ ਵਧੇਰੇ ਰੁਝਾਨ ਦਿਖਾਇਆ ਜਿਸ ਕਰਕੇ ਕੰਪਨੀ ਨੂੰ ਉਤਪਾਦਾਂ ਦੀ ਮੰਗ ਵਧੀ ਅਤੇ ਵੱਧ ਵਰਕਰਾਂ ਦੀ ਜ਼ਰੂਰਤ ਪਈ।
ਬੈਂਕ ਔਫ਼ ਮੌਂਟਰੀਅਲ ਦੇ ਅਰਥਸ਼ਾਸਤਰੀ ਰੌਬਰਟ ਕੈਵਸਿਕ ਅਨੁਸਾਰ ਕੈਨੇਡਾ ਭਰ ਵਿਚ ਕਈ ਸੰਸਥਾਵਾਂ ਵਿਚ ਨਵੀਆਂ ਅਸਾਮੀਆਂ ਦੀ ਭਰਤੀ ਲਈ ਮਾਪਦੰਡਾਂ ਵਿਚ ਤਬਦੀਲੀ ਦੀ ਇਸੇ ਕਿਸਮ ਦੀ ਗੱਲਬਾਤ ਚਲ ਰਹੀ ਹੈ, ਕਿਉਂਕਿ ਵਰਕਰਾਂ ਦੀ ਘਾਟ ਦੌਰਾਨ ਸੇਵਾਵਾਂ ਅਤੇ ਉਤਪਾਦਾਂ ਦੀ ਵਧ ਰਹੀ ਮੰਗ ਦੀ ਪੂਰਤੀ ਇੱਕ ਗਹਿਰੀ ਸਮੱਸਿਆ ਬਣ ਰਹੀ ਹੈ।
ਰੌਬਰਟ ਦਾ ਕਹਿਣਾ ਹੈ ਕਿ ਇਸ ਸਮੇਂ ਕਾਮਿਆਂ ਦੀ ਘਾਟ ਦਾ ਸਭ ਤੋਂ ਵੱਡਾ ਕਾਰਨ ਬੁੱਢੀ ਹੋ ਰਹੀ ਆਬਾਦੀ ਦਾ ਕੰਮ ਤੋਂ ਰਿਟਾਇਰ ਹੋਣਾ ਹੈ। ਸਟੈਟਿਸਟਿਕਸ ਕੈਨੇਡਾ ਅਨੁਸਾਰ 2022 ਵਿਚ 300,000 ਤੋਂ ਵੱਧ ਕੈਨੇਡੀਅਨਜ਼ ਰਿਟਾਇਰ ਹੋ ਚੁੱਕੇ ਹਨ। ਪਿਛਲੇ ਸਾਲ ਇਹ ਗਿਣਤੀ 233,000 ਸੀ। ਪਿਛਲੇ ਇੱਕ ਸਾਲ ਵਿਚ 55 ਤੋਂ 64 ਸਾਲ ਦੀ ਉਮਰ ਵਿਚ ਰਿਟਾਇਰਮੈਂਟ ਦਾ ਫ਼ੈਸਲਾ ਲੈਣ ਵਾਲੇ ਕੈਨੇਡੀਅਨਜ਼ ਦੀ ਗਿਣਤੀ ਵਿਚ ਰਿਕਾਰਡ ਵਾਧਾ ਹੋਇਆ ਹੈ।