ਫ੍ਰੈਂਚ ਭਾਸ਼ਾ ਤੋਂ ਜਾਣੂ ਬਿਨੈਕਾਰਾਂ ਬਾਬਤ ਕੈਨੇਡਾ ਵੱਲੋਂ ਚਲਾਏ ਜਾ ਰਹੇ ਆਪਣੇ ਪ੍ਰੋਗਰਾਮ ਦਾ ਵਿਸਥਾਰ ਕੀਤਾ ਗਿਆ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਸ਼ੌਨ ਫ਼੍ਰੇਜ਼ਰ ਵੱਲੋਂ ਫ੍ਰੈਂਕੋਫੋਨ ਮੋਬਿਲਿਟੀ ਪ੍ਰੋਗਰਾਮ ਵਿੱਚ ਦੋ ਸਾਲ ਦੇ ਵਾਧੇ ਦਾ ਐਲਾਨ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਜਿੱਥੇ ਪਹਿਲਾਂ ਫ੍ਰੈਂਚ ਭਾਸ਼ਾ ਵਿੱਚ ਬਹੁਤੀ ਮੁਹਾਰਤ ਵਾਲੇ ਬਿਨੈਕਾਰ ਕੈਨੇਡਾ ਆ ਸਕਦੇ ਸਨ, ਹੁਣ ਸ਼ਰਤਾਂ ਨੂੰ ਥੋੜਾ ਸੌਖਾ ਕਰਦਿਆਂ ਫ੍ਰੈਂਚ ਭਾਸ਼ਾ ਵਿੱਚ ਘੱਟ ਮੁਹਾਰਤ ਵਾਲੇ ਬਿਨੈਕਾਰਾਂ ਲਈ ਵੀ ਰਾਹ ਖੋਲ੍ਹੇ ਗਏ ਹਨ।
ਇਸ ਪ੍ਰੋਗਰਾਮ ਵਿੱਚ ਬਿਨੈਕਾਰਾਂ ਕੋਲ ਫ੍ਰੈਂਚ ਭਾਸ਼ਾ ਵਿੱਚ ਸੀਐਲਬੀ ਲੈਵਲ 7 ਹੋਣਾ ਲਾਜ਼ਮੀ ਸੀ ਅਤੇ ਉਹ ਕਿਊਬੈਕ ਤੋਂ ਬਾਹਰ ਕਿਸੇ ਨੌਕਰੀਦਾਤੇ ਨਾਲ ਟੀਅਰ 1 , 2 ਜਾਂ 3 ਵਿੱਚ ਕੰਮ ਕਰ ਸਕਦੇ ਸਨ। ਇਮੀਗ੍ਰੇਸ਼ਨ ਮਨਿਸਟਰ ਵੱਲੋਂ ਕੀਤੇ ਗਏ ਐਲਾਨ ਮੁਤਾਬਿਕ 15 ਜੂਨ ਤੋਂ ਬਾਅਦ ਇਸ ਪ੍ਰੋਗਰਾਮ ਅਧੀਨ ਅਰਜ਼ੀ ਦੇਣ ਲਈ ਬਿਨੈਕਾਰਾਂ ਨੂੰ ਹੁਣ ਸੀਐਲਬੀ ਲੈਵਲ 5 ਲੈਣਾ ਪਵੇਗਾ ਅਤੇ ਬਿਨੈਕਾਰ ਕਿਸੇ ਵੀ ਟੀਅਰ ਲੈਵਲ ਵਿੱਚ ਕੰਮ ਕਰ ਸਕਣਗੇ।
ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਨੌਕਰੀਦਾਤਾਵਾਂ ਨੂੰ ਟੀਅਰ 4 ਅਤੇ 5 ਲੈਵਲ ਦੀ ਨੌਕਰੀ ਵਿੱਚ ਕੋਈ ਕਾਮੇ ਨੂੰ ਰੱਖਣ ਲਈ ਹੁਣ ਐਲਐਮਆਈਏ ਅਪਲਾਈ ਕਰਨ ਦੀ ਲੋੜ ਨਹੀਂ ਪਵੇਗੀ ਅਤੇ ਨੌਕਰੀਦਾਤੇ ਬਗ਼ੈਰ ਐਲਐਮਆਈਏ ਦੇ ਹੀ ਯੋਗ ਕਾਮਿਆਂ ਨੂੰ ਰੱਖ ਸਕਣਗੇ। ਫ੍ਰੈਂਚ ਲਈ ਟੀ ਸੀ ਐੱਫ ਅਤੇ ਟੀ ਈ ਐੱਫ ਨਾਮ ਦੇ ਦੋ ਪੇਪਰ ਚਲਦੇ ਹਨ। ਵਿਦਿਆਰਥੀ ਆਪਣੀ ਮਰਜ਼ੀ ਨਾਲ ਕੋਈ ਇੱਕ ਕਰ ਸਕਦੇ ਹਨ।