ਸਟੈਟਿਸਟਿਕਸ ਕੈਨੇਡਾ ਦੇ ਸ਼ੁੱਕਰਵਾਰ ਨੂੰ ਜਾਰੀ ਹੋਏ ਅੰਕੜਿਆਂ ਅਨੁਸਾਰ,ਅਕਤੂਬਰ ਮਹੀਨੇ ਦੌਰਾਨ ਕੈਨੇਡੀਅਨ ਅਰਥਚਾਰੇ ‘ਚ ਅਨੁਮਾਨ ਨਾਲੋਂ ਦਸ ਗੁਣਾ ਵੱਧ 108,000 ਨੌਕਰੀਆਂ ਪੈਦਾ ਹੋਈਆਂ। ਇਹ ਨੌਕਰੀਆਂ ਵਸਤੂ-ਉਤਪਾਦਨ ਅਤੇ ਸਰਵਿਸ ਸੈਕਟਰ ਦੋਵਾਂ ਵਿਚ ਹੀ ਨੌਕਰੀਆਂ ਪੈਦਾ ਹੋਈਆਂ ਹਨ। ਨਿਰਮਾਣ, ਉਸਾਰੀ, ਅਕੋਮੋਡੇਸ਼ਨ ਅਤੇ ਫ਼ੂਡ ਸਰਵਿਸ ਉਦਯੋਗ ਸਭ ਤੋਂ ਮੋਹਰੀ ਰਹੇ ਜਦਕਿ ਰਿਟੇਲ, ਥੋਕ ਵਪਾਰ ਅਤੇ ਕੁਦਰਤੀ ਸਰੋਤ ਸੈਕਟਰ ਵਿਚ ਧੀਮਾਪਣ ਆਇਆ।
ਇਸ ਮਹੀਨੇ ਔਸਤ ਵੇਜ ਰੇਟ ਵਿਚ ਵੀ ਵਾਧਾ ਦਰਜ ਹੋਇਆ। ਔਸਤ ਪ੍ਰਤੀ ਘੰਟਾ ਆਮਦਨ 31.94 ਡਾਲਰ ਦਰਜ ਕੀਤੀ ਗਈ ਜੋ ਪਿਛਲੇ ਸਾਲ ਦੇ ਮੁਕਾਬਲੇ 5.6 % ਵੱਧ ਹੈ। 40 ਡਾਲਰ ਪ੍ਰਤੀ ਘੰਟਾ ਕਮਾਉਣ ਵਾਲੇ ਲੋਕਾਂ ਵਿਚੋਂ ⅔ ਦੀ ਤਨਖ਼ਾਹ ਪਿਛਲੇ ਇੱਕ ਸਾਲ ਦੌਰਾਨ ਵਧੀ ਹੈ। ਇਸ ਦੇ ਮੁਕਾਬਲੇ 20 ਡਾਲਰ ਤੋਂ ਘੱਟ ਕਮਾਉਣ ਵਾਲਿਆਂ ਵਿਚੋਂ ਅੱਧਿਆਂ ਦੀ ਤਨਖ਼ਾਹ ਵਿਚ ਪਿਛਲੇ ਇੱਕ ਸਾਲ ਦੌਰਾਨ ਵਾਧਾ ਹੋਇਆ ਹੈ।
ਭਾਵੇਂ ਤਨਖ਼ਾਹ ਵਿਚ ਵਾਧੇ ਵਰਕਰਾਂ ਲਈ ਚੰਗੀ ਖ਼ਬਰ ਹਨ, ਪਰ ਮਹਿੰਗਾਈ ਨਾਲ ਨਜਿੱਠ ਰਹੇ ਬੈਂਕ ਔਫ਼ ਕੈਨੇਡਾ ਲਈ ਇਹ ਦੋ ਧਾਰੀ ਤਲਵਾਰ ਹੈ। ਵਧੇਰੇ ਆਮਦਨ ਨਾਲ ਖ਼ਰਚਣ ਯੋਗ ਆਮਦਨ ਵਧਦੀ ਹੈ ਜਿਸ ਦੇ ਨਤੀਜੇ ਮਹਿੰਗਾਈ ਦਾਬ ਵਧ ਜਾਵੇਗਾ ਅਤੇ ਇਹ ਕੇਂਦਰੀ ਬੈਂਕ ਨੂੰ ਵਿਆਜ ਦਰਾਂ ਵਿਚ ਹੋਰ ਵਾਧਾ ਕਰਨ ਲਈ ਮਜਬੂਰ ਕਰੇਗਾ।ਵੇਜ ਵਿਚ ਵਾਧੇ ਦੇ ਬਾਵਜੂਦ ⅓ ਤੋਂ ਵੱਧ ਪਰਿਵਾਰਾਂ ਨੇ ਅਕਤੂਬਰ ਦੌਰਾਨ ‘ਵਿੱਤੀ ਲੋੜਾਂ ਨੂੰ ਪੂਰਾ ਕਰਨ ਵਿਚ ਮੁਸ਼ਕਿਲ’ ਹੋਣ ਦੀ ਗੱਲ ਆਖੀ ਹੈ। ਦੋ ਸਾਲ ਪਹਿਲਾਂ ਪੰਜ ਵਿਚੋਂ ਇੱਕ ਲੋਕ ਅਜਿਹਾ ਕਹਿੰਦੇ ਸਨ।