ਫ਼ੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਸੂਬਿਆਂ ਅਤੇ ਪ੍ਰਦੇਸ਼ਾਂ ਨੂੰ ਦਿੱਤੇ ਜਾਣ ਵਾਲੇ ਹੈਲਥ ਟ੍ਰਾਂਸਫ਼ਰਜ਼ ਵਿਚ ਵਾਧਾ ਕਰਨ ਲਈ ਤਿਆਰ ਹੈ।ਪਰ ਹੈਲਥ ਮਿਨਿਸਟਰ ਯੌਂ-ਈਵ ਡਿਉਕਲੋ ਨੇ ਕਿਹਾ ਕਿ ਸੂਬਾ ਅਤੇ ਪ੍ਰਦੇਸ਼ ਸਰਕਾਰਾਂ ਨੂੰ ਮੁੱਖ ਸਿਹਤ ਸੂਚਕਾਂ ਦੀ ਵਰਤੋਂ ਦਾ ਵਿਸਥਾਰ ਕਰਨ ਅਤੇ ਦੇਸ਼ ਲਈ ਇੱਕ ‘ਵਿਸ਼ਵ-ਪੱਧਰੀ’ ਹੈਲਥ ਡਾਟਾ ਪ੍ਰਣਾਲੀ ਬਣਾਉਣ ਲਈ ਵਚਨਬੱਧ ਹੋਣਾ ਜ਼ਰੂਰੀ ਹੋਵੇਗਾ।
ਬੀਸੀ ਦੇ ਹੈਲਥ ਮਿਨਿਸਟਰ ਐਡਰੀਅਨ ਡਿਕਸ ਨੇ ਕਿਹਾ ਕਿ ਸੂਬੇ ਅਤੇ ਪ੍ਰਦੇਸ਼ ਇੱਕ ‘ਸੰਯੁਕਤ ਅਤੇ ਸਾਂਝੀ ਪਹੁੰਚ’ ‘ਤੇ ਸਹਿਮਤ ਹੋ ਗਏ ਹਨ, ਕਿ ਹੈਲਥ ਟ੍ਰਾਂਸਫ਼ਰ ਨੂੰ 35 % ਤੱਕ ਵਧਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਸ ਪੱਧਰ ਨੂੰ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੋਵਿਡ-19 ਕਰਕੇ ਸੂਬਿਆਂ ਅਤੇ ਪ੍ਰਦੇਸ਼ਾਂ ਨੇ ਜੋ ਝੱਲਿਆ ਹੈ, ਉਸ ਦੇ ਮੱਦੇਨਜ਼ਰ ਫ਼ੰਡਿੰਗ ਸਮਝੌਤੇ ‘ਤੇ ਪਹੁੰਚਣ ਲਈ ਹੈਲਥ ਟ੍ਰਾਂਸਫ਼ਰ ਸਿਸਟਮ ‘ਤੇ ਇੱਕ ਰਾਸ਼ਟਰੀ ਕਾਨਫ਼੍ਰੰਸ ਹੋਣ ਦੀ ਜ਼ਰੂਰਤ ਹੈ।
ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਪਹਿਲਾਂ ਮੌਂਟਰੀਅਲ ਵਿੱਚ ਕਿਹਾ ਸੀ ਕਿ ਸਰਕਾਰ ਨੇ ਹੈਲਥ ਕੇਅਰ ਵਿੱਚ ‘ਮਹੱਤਵਪੂਰਣ ਤੌਰ ‘ਤੇ ਹੋਰ’ ਨਿਵੇਸ਼ ਕਰਨ ਲਈ ਵਚਨਬੱਧਤਾ ਹੈ, ਪਰ ਉਹ ਇਹ ਭਰੋਸਾ ਚਾਹੁੰਦੀ ਹੈ ਕਿ ਲੋਕਾਂ ਨੂੰ ਫ਼ੈਮਿਲੀ ਡਾਕਟਰ ਅਤੇ ਮਾਨਸਿਕ ਸਿਹਤ ਸੇਵਾਵਾਂ ਤੱਕ ਪਹੁੰਚ ਹੋਵੇ। ਮਿਨਿਸਟਰ ਡਿਕਸ ਨੇ ਸਾਹ ਦੀਆਂ ਬਿਮਾਰੀਆਂ, ਜੋ ਕਿ ਕੋਵਿਡ-19 ਤੱਕ ਸੀਮਤ ਨਹੀਂ, ਵਿਚ ਵਾਧੇ ਦਾ ਹਵਾਲਾ ਦਿੰਦਿਆਂ ਕਿਹਾ ਕਿ ‘ਆਉਂਦੀਆਂ ਸਰਦੀਆਂ ਮੁਸ਼ਕਲ ਸਮਾਂ’ ਹੋ ਸਕਦਾ ਹੈ ਅਤੇ ਇਹ ਸਥਿਤੀ ‘ਖ਼ਾਸ ਸੰਜੀਦਗੀ’ ਦੀ ਮੰਗ ਕਰਦੀ ਹੈ।