ਕੈਲੀਫੋਰਨੀਆ ‘ਚ ਹੜ੍ਹਾਂ ਕਾਰਨ ਵੱਡੀ ਗਿਣਤੀ ‘ਚ ਲੋਕ ਪ੍ਰਭਾਵਿਤ ਹੋਏ ਹਨ ਤੇ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਦੇ ਲੱਖਾਂ ਲੋਕਾਂ ਨੂੰ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਲਗਭਗ 50,000 ਲੋਕਾਂ ਨੂੰ ਆਪਣੇ ਖੇਤਰ ਛੱਡਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਭਾਰੀ ਮੀਂਹ, ਗੜ੍ਹੇਮਾਰੀ ਅਤੇ ਜ਼ਮੀਨ ਖਿਸਕਣ ਕਾਰਨ 1,10,000 ਤੋਂ ਵੱਧ ਘਰਾਂ ਅਤੇ ਵਪਾਰਕ ਕੇਂਦਰਾਂ ਦੀ ਬਿਜਲੀ ਸਪਲਾਈ ਠੱਪ ਹੋ ਚੁੱਕੀ ਹੈ। ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ੋਮ ਨੇ ਸਾਂਤਾ ਕਰੂਜ਼ ਤੱਟ ‘ਤੇ ਕੈਪੀਟੋਲਾ ਸ਼ਹਿਰ ਦੇ ਦੌਰੇ ਦੌਰਾਨ ਕਿਹਾ ਕਿ ਪਿਛਲੇ ਸਾਲ ਦਸੰਬਰ ਦੇ ਅਖੀਰ ‘ਚ ਸ਼ੁਰੂ ਹੋਏ ਤੂਫਾਨ ਅਤੇ ਇਸ ਨਾਲ ਜੁੜੀਆਂ ਘਟਨਾਵਾਂ ‘ਚ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪਿਛਲੇ ਹਫ਼ਤੇ ਹੜ੍ਹਾਂ ਕਾਰਨ ਸ਼ਹਿਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ।ਕੈਲੀਫੋਰਨੀਆ ਹਾਈਵੇਅ ਪੈਟਰੋਲ ਨੇ ਕਿਹਾ ਕਿ ਘਟਨਾਵਾਂ ਵਿੱਚ ਮਾਰੇ ਗਏ ਲੋਕਾਂ ਵਿੱਚ ਇੱਕ ਪਿਕਅਪ ਟਰੱਕ ਡਰਾਈਵਰ ਅਤੇ ਮੋਟਰਸਾਈਕਲ ਸਵਾਰ ਸ਼ਾਮਲ ਹਨ, ਜੋ ਮੰਗਲਵਾਰ ਸਵੇਰੇ ਵਿਸਾਲੀਆ ਨੇੜ੍ਹੇ ਸੈਨ ਜੋਕਿਨ ਵੈਲੀ ਵਿੱਚ ਹਾਈਵੇਅ 99 ‘ਤੇ ਰੁੱਖ ਡਿੱਗਣ ਕਾਰਨ ਮਾਰੇ ਗਏ ਸਨ। ਪਹਾੜਾਂ ਤੋਂ ਪੱਥਰ ਅਤੇ ਜ਼ਮੀਨ ਖਿਸਕਣ ਕਾਰਨ ਸੜਕਾਂ ਬੰਦ ਹਨ ਤੇ ਕਈ ਘਰ ਪਾਣੀ ਵਿੱਚ ਵਹਿ ਗਏ ਹਨ।