ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੀਰਾ ਸ਼ਰਾਬ ਫ਼ੈਕਟਰੀ ਬੰਦ ਕਰਨ ਦਾ ਐਲਾਨ ਕੀਤਾ ਹੈ । ਮੁੱਖ ਮੰਤਰੀ ਵਲੋਂ ਜਾਰੀ ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ ਕਾਨੂੰਨੀ ਮਾਹਰਾਂ ਦੀ ਰਾਇ ਲੈਣ ਤੋਂਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਜ਼ੀਰਾ ਵਿਚ ਸ਼ਰਾਬ ਫੈਕਟਰੀ ਉੱਤੇ ਸਥਾਨਕ ਲੋਕ ਇਲਾਕੇ ਵਿਚ ਪ੍ਰਦੂਸ਼ਣ ਫੈਲਾਉਣ ਦੇ ਇਲਜ਼ਾਮ ਲਾ ਰਹੇ ਸਨ। ਭਾਵੇਂ ਕਿ ਫੈਕਟਰੀ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਕੇਂਦਰੀ ਅਤੇ ਪੰਜਾਬ ਸਰਕਾਰ ਤੋਂ ਸਾਰੀਆਂ ਮੰਨਜ਼ੂਰੀਆਂ ਲੈਣ ਤੋਂ ਬਾਅਦ ਫੈਕਟਰੀ ਲਾਈ ਹੈ। ਪਰ ਇਲਾਕੇ ਦੇ ਲੋਕਾਂ ਦਾ ਕਹਿਣਾ ਸੀ ਕਿ ਇਸ ਫੈਕਟਰੀ ਨਾਲ ਇਲਾਕੇ ਦਾ ਜ਼ਮੀਨਦੋਜ਼ ਪਾਣੀ ਪ੍ਰਦੂਸ਼ਿਤ ਹੋ ਗਿਆ ਹੈ, ਜਿਸ ਕਾਰਨ ਲੋਕਾਂ ਦਾ ਵੱਡੀ ਪੱਧਰ ਉੱਤੇ ਜਾਨੀ-ਮਾਲੀ ਨੁਕਸਾਨ ਹੋਇਆ ਹੈ।
ਪੰਜਾਬ ਸਰਕਾਰ ਦੇ ਮੰਤਰੀਆਂ ਨੇ ਮੁਜ਼ਾਹਰਾਕਾਰੀਆਂ ਨਾਲ ਕਈ ਬੈਠਕਾਂ ਵੀ ਕੀਤੀਆਂ ਸਨ, ਪਰ ਉਹ ਫੈਕਟਰੀ ਬੰਦ ਕਰਵਾਉਣ ਦੀ ਮੰਗ ਉੱਤੇ ਅੜੇ ਹੋਏ ਸਨ।ਫੈਕਟਰੀ ਪ੍ਰਬੰਧਕਾਂ ਨੇ ਧਰਨਾ ਕਾਰਨ ਫੈਕਟਰੀ ਬੰਦ ਹੋਣ ਦੇ ਨੁਕਸਾਨ ਦੀ ਭਰਪਾਈ ਲਈ ਹਾਈਕੋਰਟ ਦਾ ਰੁਖ ਕੀਤਾ ਸੀ। ਮਾਮਲੇ ਦੀ ਤੈਅ ਤੱਕ ਜਾਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦਿਸ਼ਾ ਨਿਰਦੇਸ਼ ਉੱਤੇ ਪੰਜਾਬ ਸਰਕਾਰ ਨੇ 5 ਕਮੇਟੀਆਂ ਦਾ ਗਠਨ ਕੀਤਾ ਹੋਇਆ ਸੀ। ਜਿਨ੍ਹਾਂ ਨੇ ਆਪਣੀ ਰਿਪੋਰਟ ਅਜੇ ਅਦਾਲਤ ਵਿਚ ਦਾਖ਼ਲ ਕਰਨੀ ਸੀ।