(ਮਲਵਿੰਦਰ)-ਛੰਭ ਦੀ ਜਾਈ ਦੀ ਲੇਖਿਕਾ ਰਣਜੀਤ ਕੌਰ ਹੁਣ ਰਣਜੀਤ ਕੌਰ ਟੋਰਾਂਟੋ ਹੋ ਗਈ ਹੈ। ਕੈਨੇਡਾ ਵਿੱਚ ਉਸਦਾ ਦਿਲ ਲੱਗ ਗਿਆ ਹੈ। ਕਵੀਆਂ,ਲੇਖਕਾਂ ਦਾ ਕੈਨੇਡਾ ਖੁੱਲੀਆਂ ਬਾਹਾਂ ਨਾਲ ਸਵਾਗਤ ਕਰਦਾ ਹੈ। ਇਥੇ ਰਹਿੰਦਿਆਂ ਹੀ ਉਸਦੀ ਪਹਿਲੀ ਕਿਤਾਬ ‘ਛੰਭ ਦੀ ਜਾਈ’ (ਵਾਰਤਕ ਤੇ ਕਵਿਤਾ) ਸਾਲ 2020 ਵਿੱਚ ਛਪੀ ਸੀ ਤੇ ਆਹ ਹੁਣ 2022 ਵਿੱਚ ਕਵਿਤਾ ਦੀ ਕਿਤਾਬ ‘ਖੁੱਲ੍ਹਾ ਆਸਮਾਨ’ ਛਪੀ ਹੈ। ਮੈਨੂੰ ਇਹ ਦੋਵੇਂ ਕਿਤਾਬਾਂ ਵਾਚਣ ਦਾ ਮੌਕਾ ਮਿਲਿਆ ਹੈ। ‘ਛੰਭ ਦੀ ਜਾਈ’ ਪੁਸਤਕ ਵਿਚਲੀ ਵਾਰਤਕ ਪ੍ਰਭਾਵਤ ਕਰਦੀ ਹੈ। ਉਹ ਵਾਰਤਕ ਇੰਝ ਲਿਖਦੀ ਹੈ ਜਿਵੇਂ ਆਪਣੇ ਆਪ ਨਾਲ ਗੱਲਾਂ ਕਰ ਰਹੀ ਹੋਵੇ। ਕਿਉਂਕਿ ਉਸਦੀ ਵਾਰਤਕ ਸਵੈ-ਜੀਵਨੀ ਨੁਮਾ ਲੇਖ ਹਨ, ਹੰਢਾਏ ਹੋਏ ਪਲ਼ ਹਨ। ਇਸ ਵਿੱਚ ਭਾਸ਼ਾ ਦੀ ਸਰਲਤਾ ਅਤੇ ਪੇਸ਼ਕਾਰੀ ਦੀ ਸਹਿਜਤਾ ਹੈ। ਜਦ ਕੋਈ ਕਵੀ/ ਕਵਿਤਰੀ ਕਵਿਤਾ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਉਸ ਦੇ ਅੰਦਰ ਉੱਸਲਵੱਟੇ ਲੈ ਰਹੇ ਵਿਚਾਰਾਂ ਦੀ ਤੀਬਰਤਾ ਉਸ ਦੀ ਭਾਸ਼ਾ ਸਿਰਜਦੇ ਹਨ। ਇਹ ਭਾਸ਼ਾ ਆਰੰਭਲੇ ਸਾਲਾਂ ਵਿੱਚ ਤੁਹਾਡੇ ਸੰਪਰਕ ਵਿੱਚ ਆਏ ਲੋਕਾਂ/ ਲੇਖਕਾਂ ਦਾ ਪ੍ਰਭਾਵ ਵੀ ਕਬੂਲਦੀ ਹੈ। ਸੰਤ ਸੰਧੂ ਅਤੇ ਅਵਤਾਰ ਪਾਸ਼ ਦੇ ਪਿੰਡ ਦੀ ਜੰਮਪਲ ਰਣਜੀਤ ਦੀ ਭਾਸ਼ਾ ਉਪਰ ਇਸ ਪਿੰਡ ਦੀ ਮਿੱਟੀ ਦਾ ਵੀ ਅਸਰ ਹੈ। ਉਸਦੀ ਕਾਵਿਕ ਭਾਸ਼ਾ ਬੁਲੰਦ ਹੈ। ਕੁਟਾਪੇ ਚਾੜ੍ਹਦੀ ਉਸਦੀ ਭਾਸ਼ਾ ਤਲਵਾਰ ਤੋਂ ਵੀ ਤਿੱਖੀ ਹੈ। ਅਸਲ ਵਿੱਚ ਉਹ ਸਮਾਜ ਨੂੰ ਇਸੇ ਭਾਸ਼ਾ ਵਿੱਚ ਮੁਖ਼ਾਤਬ ਹੋਣਾ ਚਾਹੁੰਦੀ ਹੈ। ਇਸ ਲਈ ਉਹ ਕਹਿੰਦੀ ਹੈ:
‘ਗੱਲ ਸੁਣ ਲਓ ਵੀਰੋ ਭੈਣੋਂ ਨੀ, ਮੈਨੂੰ ਰੋਕਿਓ ਨਾ ਗੱਲ ਕਹਿਣੋਂ ਨੀ।
ਜੋ ਮਨ ਵਿੱਚ ਆਉਂਦਾ ਕਹਿੰਨੀ ਆਂ। ਕੋਈ ਬੁੜ ਬੁੜ ਕਰਦਾ ਕਰੀ
ਜਾਵੇ,ਗੱਲ ਸੱਚੀ ਕਹਿ ਕੇ ਰਹਿੰਨੀਂ ਆਂ।
ਇਹ ਸਤਰਾਂ ਉਸ ਦੇ ਇਰਾਦਿਆਂ ਨੂੰ ਦਰਸਾਉਂਦੀਆਂ ਹਨ। ਇਹ ਇਰਾਦੇ ਹੀ ਉਸ ਦੀ ਭਾਸ਼ਾ ਦੀ ਚੋਣ ਕਰਦੇ ਹਨ। ਰਣਜੀਤ ਕੌਰ ਦਾ ਰੱਬ ਨਾਲ ਰਿਸ਼ਤਾ ਅਪਣੱਤ ਵਾਲਾ ਹੈ। ਉਹ ਸਮਾਜ ਨਾਲ, ਰਿਸਤਿਆਂ ਨਾਲ, ਸਿਸਟਮ ਨਾਲ ਟੱਕਰ ਲੈਂਦਿਆਂ ਰੱਬ ਦਾ ਭਰੋਸਾ ਨਾਲ ਰੱਖਦੀ ਹੈ। ਇਹ ਭਰੋਸਾ ਹੀ ਉਸ ਅੰਦਰ ਜਿੱਤ ਦਾ ਅਹਿਸਾਸ ਬਣਾਈ ਰੱਖਦਾ ਹੈ।ਉਹ ਹਰ ਔਕੜ ਦਾ ਹੱਲ ਰੱਬ ਦੀ ਰਜ਼ਾ ਵਿੱਚ ਰਹਿੰਦਿਆਂ ਲੱਭਦੀ ਹੈ:
ਤੁਸੀਂ ਫਿਕਰ ਮੇਰੀ ਨਾ ਕਰਿਓ ਨੀ, ਸਾਥ ਰੱਬ ਦਾ ਸਦਾ ਹੀ ਨਾਲ ਮੇਰੇ
ਉਹ ਆਪੇ ਸਿੱਧੀਆਂ ਪਾ ਦੇਂਦਾ, ਸਿੱਧੇ ਭਾਗਾਂ ਦੇ ਕਰ ਦਿੰਦਾ ਗੇੜੇ
ਉਹਦੇ ਅੱਗੇ ਚਲਾਕੀ ਚੱਲਦੀ ਨਾ, ਤੇ ਨਾ ਹੀ ਚੱਲਦਾ ਏ ਜ਼ੋਰ ਕੋਈ
ਜਦ ਲਾਠੀ ਉਹਦੀ ਚੱਲਦੀ ਏ, ਫੇਰ ਕਰਦੀ ਵੀ ਨਾ ਸ਼ੋਰ ਕੋਈ
ਪੂਰੀ ਪੁਸਤਕ ਵਿੱਚ ਜਗ੍ਹਾ-ਜਗ੍ਹਾ; ਤੇ ਰੱਬ ਦੇ ਭਰੋਸੇ ਵਾਲੇ ਅਜਿਹੇ ਹਵਾਲੇ ਮਿਲਦੇ ਹਨ। ਉਹ ਤਾਂ ਆਪਣੀ ਸਿਰਜਣਾ ਨੂੰ ਵੀ ਉਸ ਦੀ ਦਾਤ ਮੰਨਦੀ ਹੈ।ਇਹ ਵਿਸ਼ਵਾਸ,ਇਹ ਭਰੋਸਾ ਤੁਹਾਡੇ ਅੰਦਰ ਇੱਕ ਊਰਜਾ ਦਾ ਨਿਰਮਾਣ ਕਰਦਾ ਹੈ। ਇਸ ਊਰਜਾ ਦੇ ਸਹਾਰੇ ਤੁਸੀਂ ਸਮਾਜ ਵਿੱਚ ਹੋ ਵਾਪਰ ਰਹੀਆਂ ਬੇਤਰਤੀਬੀਆਂ ਨੂੰ ਸ਼ਬਦਾਂ ਦੇ ਰੋਹ ਅੰਦਰ ਕਵਿਤਾਵਾਂ,ਗੀਤਾਂ ਵਿੱਚ ਰੁਪਾਂਤਰਤ ਕਰਦੇ ਜੀਵਨ ਅੰਦਰ ਇੱਕ ਆਸ ਪੈਦਾ ਕਰਨ ਦਾ ਹੀਲਾ ਕਰਦੇ ਹੋ।ਇਹ ਬੇਤਰਤੀਬੀਆਂ ਬੱਸ਼ੱਕ ਬਾਹਰੀ ਧਰਾਤਲ ‘ਤੇ ਵਾਪਰ ਰਹੀਆਂ ਹਨ।ਇਸ ਧਰਾਤਲ ਦੇ ਅੰਦਰ ਮਨੁੱਖੀ ਮਨ ਦੀਆਂ ਅੰਦਰਲੀਆਂ ਤੈਹਾਂ ਅੰਦਰ ਵੀ ਬਹੁਤ ਕੁਝ ਹੋ ਵਾਪਰ ਰਿਹਾ ਹੁੰਦਾ ਹੈ। ਰਣਜੀਤ ਦੇ ਇਹ ਗੀਤ ਕਵਿਤਾਵਾ ਅਜੇ ਉਸ ਦੀ ਥਾਹ ਨਹੀਂ ਪਾ ਸਕੀਆਂ। ਪਰ ਰਣਜੀਤ ਜੋ ਵੀ ਲਿਖ ਰਹੀ ਹੈ ਜਾਂ ਜੋ ਉਸਨੇ ਲਿਖਿਆ
ਹੈ, ਉਸ ਉਪਰ ਉਸਨੂੰ ਮਾਣ ਹੈ:
ਦੇਖ ਰਣਜੀਤ ਨੂੰ ਉਹ ਕਿੰਨਾ ਸੋਹਣਾ ਗਾਵੇ ਨੀ
ਰਹਿ ਰੱਬ ਦੀ ਰਜ਼ਤ ‘ਚ, ਸਾਰੀ ਦੁਨੀਆਂ ‘ਤੇ ਛਾਵੇ ਨੀ
ਹੈ ਆਪਣੇ ਹੀ ਲਿਖੇ ਗਾਂਵਦੀ, ਧੀ ਮਾਪਿਆਂ ਦੀ ਲਾਡਲੀ ਸਿਆਣੀ ਕੰਡੇ
ਮੇਰੀ ਕਲਮ ਦੀ ਦੁਨੀਆਂ ਮੁਰੀਦ ਹੋਈ
ਜਾਂ ਫਿਰ ਦਿਲਕਸ਼ ਮੇਰੀ ਤਸਵੀਰ ਸੀ
ਮੇਰਾ ਲਿਖਣਾ ਸਭ ਨੂੰ ਭਾਅ ਗਿਆ
ਜਾਂ ਫਿਰ ਇਹ ਮੇਰੀ ਤਕਦੀਰ ਸੀ
ਰਣਜੀਤ ਨੇ ਆਪਣੇ ਗੀਤਾਂ ਵਿੱਚ ਬਹੁਤ ਸਾਰੇ ਵਿਸ਼ੇ ਛੋਹੇ ਹਨ।ਇਨ੍ਹਾਂ ਵਿੱਚ ਬਹੁਤ ਸਾਰੇ ਵਿਸ਼ੇ ਸਮਾਜ ਵਿੱਚ ਪ੍ਰਚੱਲਤ ਧਾਰਨਾਵਾਂ ਹੀ ਹਨ। ਸਮਾਜਿਕ ਰਿਸ਼ਤਿਆਂ ਨੂੰ ਨਿਭਾਉਂਦਿਆਂ ਜ਼ਿੰਦਗੀ ਵਿੱਚ ਅਨੇਕਾਂ ਤਲਖ਼ ਤਜ਼ਰਬੇ ਹੁੰਦੇ ਹਨ। ਰਣਜੀਤ ਲਈ ਉਹ ਤਜ਼ਰਬੇ ਗੀਤ ਹਨ ਜਾਂ ਕਵਿਤਾਵਾਂ। ਮੋਰਚਾ ਫ਼ਤਹਿ ਕਿਸਾਨ ਸੰਘਰਸ਼ ਨਾਲ ਸਬੰਧਤ ਗੀਤ ਹੈ। ਪੰਥ ਖ਼ਾਲਸਾ ਕਿਸਾਨੀ ਸੰਘਰਸ਼ ਦੀ ਸਫ਼ਲਤਾ ਦਾ ਦ੍ਰਿਸ਼ ਚਿਤਰਣ ਕਰਦੀ ਇੱਕ ਹੋਰ ਭਾਵਪੂਰਤ ਰਚਨਾ ਹੈ। ਪੰਜਾਬੀ ਬੋਲੀ ਮਾਂ ਬੋਲੀ ਦੀ ਉਸਤਤ ਵਿੱਚ ਲਿਖਿਆ ਗੀਤ ਹੈ। ਹਿਮਤੇ ਮਰਦਾਂ, ਨਾਦਾਨ ਪ੍ਰੇਮੀ ਅਤੇ ਰਹਿਨੁਮਾ ਗੁਰਮੁੱਖੀ ਲਿੱਪੀ ਵਿੱਚ ਲਿਖੀਆਂ ਹਿੰਦੀ ਕਵਿਤਾਵਾਂ ਹਨ। ਡੂ ਯੂ ਨੋ ਕਵਿਤਾ ਦਾ ਸਿਰਲੇਖ ਅੰਗਰੇਜੀ ਵਿੱਚ ਹੈ। ਬਹੁਤੀ ਨਾਂ ਦੇ ਗੀਤ ਵਿੱਚ ਔਰਤ ਆਪਣੇ ਪਤੀ ਨੂੰ ਸਮਝਾਉਂਦੀ ਵੀ ਹੈ, ਧਮਕਾਉਂਦੀ ਵੀ ਹੈ ਅਤੇ
ਡਰਾਉਂਦੀ ਵੀ ਹੈ। ਔਰਤ ਦਾ ਅਜੀਬ ਚਿਹਰਾ ਸਾਹਮਣੇ ਆਉਂਦਾ ਹੈ।ਅਸਲ ਵਿੱਚ ਰਣਜੀਤ ਪ੍ਰਚਲਤ ਰੀਤਾਂ ਨੂੰ ਤੋੜ ਕੇ ਆਪਣੇ ਸੁਪਨੇ ਦੇ ਹਾਣ ਦੀ ਜ਼ਿੰਦਗੀ ਜਿਊਣੀ ਚਾਹੁੰਦੀ ਹੈ। ਇਹੀ ਚਾਹਤ ਉਸਦੀ ਭਾਸ਼ਾ ਨੂੰ ਤਲਖ਼ ਤੇ ਉੱਚੀ ਸੁਰ ਵਾਲੀ ਬਣਾਉਂਦੀ ਹੈ।
ਰਣਜੀਤ ਨੇ ਕੁਝ ਵਧੀਆ ਗੀਤ ਲਿਖੇ ਤੇ ਗਾਏ ਵੀ ਹਨ। ਉਹ ਇੱਕ ਚੰਗੀ ਗਾਇਕਾ ਹੈ। ਗੀਤ ਲਿਖਣੇ ਤੇ ਗਾਉਣੇ ਉਸ ਦੀ ਪਹਿਲੀ ਚੋਣ ਹੈ।“ਜੇ ਲੱਗੀਆਂ ਤੋੜ ਚੜ੍ਹਾਉਂਦਾ”, “ਦਿਲ ਵਿੱਚ ਥਾਂ”, “ਰੁੱਸ ਕੇ ਬਹਿ ਗਿਆ”,”ਪਿੱਠ ‘ਤੇ ਵਾਰ”, ਇਸ ਪੁਸਤਕ ਵਿੱਚ ਸ਼ਾਮਲ ਕੁਝ ਚੰਗੇ ਗੀਤ ਹਨ। ਸੰਤ ਸੰਧੂ ਆਪਣੀ ਟਿੱਪਣੀ ਵਿੱਚ ਲਿਖਦੇ ਹਨ,’ਰਣਜੀਤ ਨੇ ਦੁਨਿਆਵੀ ਮੁਹੱਬਤ ਦੇ ਦੇਸ ਨੂੰ ਆਪਣੇ ਢੰਗ ਨਾਲ ਆਬਾਦ ਕਰਦਿਆਂ ਨਵਾਂ ਸੰਵਿਧਾਨ ਬਣਾ ਲਿਆ ਹੈ’। ਡਾ.ਰਾਮ ਮੂਰਤੀ ਅਨੁਸਾਰ ਪੁਸਤਕ ਵਿੱਚ ਦਰਜ਼ ਹਰ ਕਵਿਤਾ ਦੇ ਹਰ ਅੱਖਰ ਵਿੱਚ ਕ੍ਰਾਂਤੀ ਦਾ ਬੀਜ ਹੈ, ਤਬਦੀਲੀ ਦੀ ਲੋਚਾ ਹੈ’।ਇਸ ਪੁਸਤਕ ਨੂੰ ਪੜ੍ਹਦਿਆਂ ਕੁਝ ਸੰਕੇ ਜਰੂਰ ਉੱਠਦੇ ਹਨ।ਲਿਖਣ ਅਤੇ ਛਪਵਾਉਣ ਦੀ ਕਾਹਲ ਵੀ ਨਜ਼ਰ ਆਉਂਦੀ ਹੈ। ਸ਼ੋਸ਼ਲ ਮੀਡੀਆ ਦੇ ਇਸ ਦੌਰ ਵਿੱਚ ਇਹ ਕਾਹਲ ਨੌਜਵਾਨ ਪੀੜ੍ਹੀ ਦੇ ਵਿਵਹਾਰ ਵਿੱਚ ਸ਼ਾਮਲ ਹੋ ਗਈ ਹੈ। ਰਣਜੀਤ ਵੀ ਉਸ ਵਰਤਾਰੇ ਦਾ ਹਿੱਸਾ ਹੈ। ਵਕਤ ਨਾਲ ਉਸ ਵਿੱਚ ਸਹਿਜਤਾ ਵੀ ਆਵੇਗੀ। ਕਵਿਤਾ ਵਿੱਚ ਸੰਭਾਵਨਾਵਾਂ ਹਨ। ਸੰਭਾਵਨਾ ਵਿਕਾਸ ਦੇ ਰਾਹ ਮੋਕਲੇ ਕਰਦੀ ਹੈ। ਇਸ ਚੰਗੀ ਆਸ ਤੇ ਉਮੀਦ ਨਾਲ ਛੰਭ ਦੀ ਜਾਈ ਰਣਜੀਤ ਕੌਰ ਟੋਰਾਂਟੋ ਨੂੰ ੳਸ ਦੇ ‘ਖੁੱਲ੍ਹੇ ਆਸਮਾਨ’ ਲਈ ਬਹੁਤ ਬਹੁਤ ਮੁਬਾਰਕਾਂ!