ਕੈਨੇਡਾ ਦੇ ਪਹਿਲੇ ਮੂਲਨਿਵਾਸੀ ਭਾਸ਼ਾਵਾਂ ਦੇ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਗਲੀਆਂ ਗਰਮੀਆਂ ਤੱਕ ਉਨ੍ਹਾਂ ਦਾ ਦਫਤਰ ਪੂਰੀ ਤਰ੍ਹਾਂ ਚਾਲੂ ਹੋ ਜਾਵੇਗਾ। ਇਸ ਦਫ਼ਤਰ ਦਾ ਐਲਾਨ ਕਰੀਬ ਦੋ ਸਾਲ ਪਹਿਲਾਂ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਦੇਸ਼ ਭਰ ਵਿੱਚ ਫ਼ਸਟ ਨੇਸ਼ਨਜ਼, ਇਨੁਇਟ ਅਤੇ ਮੇਟਿਸ ਭਾਈਚਾਰਿਆਂ ਨਾਲ ਮਿਲ ਕੇ ਚੱਲਣ ਦੀ ਭਾਵਨਾ ਨੂੰ ਅੱਗੇ ਵਧਾਉਣ ਲਈ ਆਪਣੇ ਟੀਚਿਆਂ ਵਿੱਚੋਂ ਇੱਕ ਮੂਲਨਿਵਾਸੀ ਭਾਸ਼ਾਵਾਂ ਦੇ ਪੁਨਰ-ਸੁਰਜੀਤੀ ਨੂੰ ਤਰਜੀਹ ਦਿੱਤੀ ਹੈ।
ਫੈਡਰਲ ਸਰਕਾਰ ਨੇ 2019 ਵਿੱਚ ਸਵਦੇਸ਼ੀ ਐਕਟ ਪਾਸ ਕੀਤਾ ਸੀ, ਜਿਸ ਤਹਿਤ ਭਾਸ਼ਾ ਕਮਿਸ਼ਨਰ ਦਾ ਗਠਨ ਲਾਜ਼ਮੀ ਸੀ। ਇਗਨੇਸ ਨੂੰ ਕਈ ਹੋਰ ਨਿਰਦੇਸ਼ਕਾਂ ਦੇ ਨਾਲ, ਜੂਨ 2021 ਵਿੱਚ ਇਸ ਭੂਮਿਕਾ ਲਈ ਨਿਯੁਕਤ ਕੀਤਾ ਗਿਆ ਸੀ। ਇਗਨੇਸ ਨੇ ਕਿਹਾ ਕਿ ਅਜਿਹਾ ਦਫ਼ਤਰ ਪਹਿਲਾਂ ਕਦੇ ਨਹੀਂ ਸੀ, ਇਸ ਲਈ ਇਸ ਨੂੰ ਨਵੇਂ ਸਿਰੇ ਤੋਂ ਬਣਾਇਆ ਜਾ ਰਿਹਾ ਹੈ, ਇਸ ਲਈ ਹੋਰ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਮੂਲਨਿਵਾਸੀ ਭਾਸ਼ਾਵਾਂ ਦੀ ਸਥਿਤੀ ਬਾਰੇ ਖੋਜ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਦਫ਼ਤਰ ਦੇ ਚਾਲੂ ਹੋਣ ਤੋਂ ਬਾਅਦ ਇਸ ਮਾਮਲੇ ਦੀ ਰਿਪੋਰਟਿੰਗ ਸ਼ੁਰੂ ਹੋ ਜਾਵੇਗੀ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ 2021 ਦੀ ਮਰਦਮਸ਼ੁਮਾਰੀ ਦੇ ਅੰਕੜੇ ਦਰਸਾਉਂਦੇ ਹਨ ਕਿ ਦੇਸ਼ ਵਿੱਚ ਮੂਲਨਿਵਾਸੀ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ ਵਿੱਚ ਕਮੀ ਆਈ ਹੈ।