ਟੋਰੌਂਟੋ ਦੇ ਨਵੇਂ ਮੇਅਰ ਦੀ ਚੋਣ ਲਈ 26 ਜੂਨ ਦੀ ਤਾਰੀਖ਼ ਤੈਅ ਕੀਤੀ ਗਈ ਹੈ। ਨਾਮਜ਼ਦਗੀਆਂ 13 ਅਪ੍ਰੈਲ ਨੂੰ ਸਵੇਰੇ 8:30 ਵਜੇ ਤੋਂ ਸ਼ੁਰੂ ਹੋਕੇ 12 ਮਈ ਦੁਪਹਿਰ 2 ਵਜੇ ਤੱਕ ਜਾਰੀ ਰਹਿਣਗੀਆਂ। 8 ਤੋਂ 13 ਜੂਨ ਤੱਕ ਅਡਵਾਂਸ ਵੋਟਿੰਗ ਹੋਵੇਗੀ।
ਇੱਕ ਨਿਊਜ਼ ਰਿਲੀਜ਼ ਵਿੱਚ, ਸਿਟੀ ਨੇ ਕਿਹਾ ਕਿ ਜ਼ਿਮਨੀ ਚੋਣ ਸਿਟੀ ਕੌਂਸਲ ਦੀ ਆਗਾਮੀ ਮੀਟਿੰਗ ‘ਤੇ ਨਿਰਭਰ ਕਰਦੀ ਹੈ, ਜਿੱਥੇ ਸਟਾਫ਼ ਸਿਟੀ ਕਲਰਕ ਦੀਆਂ ਸਿਫ਼ਾਰਸ਼ਾਂ ਨੂੰ ਰਸਮੀ ਤੌਰ ‘ਤੇ ਮੇਅਰ ਦੇ ਅਹੁਦੇ ਨੂੰ ਖ਼ਾਲੀ ਐਲਾਨਣ ਅਤੇ ਜੌਨ ਟੋਰੀ ਦੇ ਬਦਲ ਲਈ ਜ਼ਿਮਨੀ ਚੋਣ ਦੀ ਲੋੜ ਵਾਲਾ ਬਾਈ-ਲਾਅ ਪਾਸ ਕਰਨ ਲਈ ਵਿਚਾਰ ਕਰੇਗਾ।
ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਸਿਟੀ ਕਲਰਕ ਆਮ ਤੌਰ ‘ਤੇ ਬਾਈ-ਲਾਅ ਪਾਸ ਕਰਨ ਤੋਂ ਪਹਿਲਾਂ ਜ਼ਿਮਨੀ ਚੋਣ ਦੀ ਤਾਰੀਖ਼ ਦਾ ਐਲਾਨ ਨਹੀਂ ਕਰਦਾ, ਪਰ ਮੌਜੂਦਾ ਸਥਿਤੀ ਵਿਚ ਅਜਿਹਾ ਕੀਤਾ ਜਾਣਾ ਟੋਰੌਂਟੋ ਵਾਸੀਆਂ ਦੇ ਹਿੱਤ ਵਿਚ ਹੈ।
ਤਾਰੀਖ਼ਾਂ ਦਾ ਐਲਾਨ ਕਰਨ ਦਾ ਮਤਲਬ ਹੈ ਕਿ ਸਿਟੀ ਕਲਰਕ ਹੁਣ ਚੋਣ ਅਮਲੇ ਦੀ ਭਰਤੀ ਅਤੇ ਵੋਟਿੰਗ ਸਥਾਨਾਂ ਦੀ ਬੁਕਿੰਗ ਵਰਗੀਆਂ ਤਿਆਰੀਆਂ ਸ਼ੁਰੂ ਕਰ ਸਕਦਾ ਹੈ।ਜ਼ਿਮਨੀ ਚੋਣ ਲਈ ਅਨੁਮਾਨਿਤ ਬਜਟ ਲਗਭਗ 13 ਮਿਲੀਅਨ ਡਾਲਰ ਹੈ। 24 ਅਕਤੂਬਰ, 2022 ਦੀਆਂ ਆਮ ਚੋਣਾਂ ਲਈ 14.5 ਮਿਲੀਅਨ ਦਾ ਖ਼ਰਚ ਆਇਆ ਸੀ।
(CBC News)