ਕੈਨੇਡਾ ਦੀਆਂ ਦੋ ਵੱਡੀਆਂ ਟੈਲੀਕੌਮ ਕੰਪਨੀਆਂ ਦੁਆਰਾ ਕੈਨੇਡਾ ਤੋਂ ਬਾਹਰ ਮੋਬਾਈਲ ਸੇਵਾ ਵਰਤਣ ਵਾਲੇ ਉਪਭੋਗਤਾਵਾਂ ਤੋਂ ਵਧੇਰੇ ਫ਼ੀਸ ਪ੍ਰਾਪਤ ਕਰਨ ਦੀ ਤਿਆਰੀ ਖਿੱਚੀ ਜਾ ਰਹੀ ਹੈ। 8 ਮਾਰਚ ਤੋਂ, ਟੈਲਸ ਆਪਣੇ ਉਪਭੋਗਤਾਵਾਂ ਨੂੰ ਅਮਰੀਕਾ ਵਿਚ ਆਪਣਾ ਫ਼ੋਨ ਚਲਾਉਣ ‘ਤੇ ਪ੍ਰਤੀ ਦਿਨ 14 ਡਾਲਰ ਚਾਰਜ ਕਰੇਗਾ ਅਤੇ ਬਾਕੀ ਕਿਸੇ ਵੀ ਹੋਰ ਮੁਲਕ ਵਿਚ ਰੋਮਿੰਗ ਫ਼ੀਸ 16 ਡਾਲਰ ਪ੍ਰਤੀ ਦਿਨ ਹੋਵੇਗੀ। ਪਹਿਲਾਂ ਅਮਰੀਕਾ ਵਿਚ ਫ਼ੋਨ ਵਰਤਣ ‘ਤੇ 12 ਡਾਲਰ ਪ੍ਰਤੀ ਦਿਨ ਅਤੇ ਬਾਕੀ ਸਾਰੇ ਮੁਲਕਾਂ ਲਈ ਅੰਤਰਰਾਸ਼ਟਰੀ ਰੋਮਿੰਗ 15 ਡਾਲਰ ਪ੍ਰਤੀ ਦਿਨ ਸੀ। ਟੈਲਸ ਦੀ ਮਲਕੀਅਤ ਵਾਲੇ ਬ੍ਰਾਂਡ ਕੂਡੋ ‘ਤੇ ਵੀ ਇਹੀ ਫ਼ੀਸ ਲਾਗੂ ਹੋਵੇਗੀ।
ਦੂਸਰੀ ਵੱਡੀ ਟੈਲੀਕੌਮ ਕੰਪਨੀ ਬੈੱਲ ਨੇ ਵੀ ਰੋਮਿੰਗ ਵਾਧੇ ਦਾ ਫ਼ੈਸਲਾ ਲਿਆ ਹੈ। ਅਮਰੀਕਾ ਲਈ ਰੋਮਿੰਗ ਰੇਟ 12 ਡਾਲਰ ਪ੍ਰਤੀ ਦਿਨ ਤੋਂ ਵਧਾ ਕੇ 13 ਡਾਲਰ ਕੀਤਾ ਜਾ ਰਿਹਾ ਹੈ ਅਤੇ ਬਾਕੀ ਮੁਲਕਾਂ ਲਈ ਅੰਤਰਰਾਸ਼ਟਰੀ ਰੋਮਿੰਗ 15 ਡਾਲਰ ਤੋਂ ਵਧਾ ਕੇ 16 ਡਾਲਰ ਪ੍ਰਤੀ ਦਿਨ ਕੀਤੀ ਜਾ ਰਹੀ ਹੈ। ਇਹ ਵਾਧਾ ਬੈਲ ਦੀ ਮਲਕੀਅਤ ਵਾਲੀ ਕੰਪਨੀ ਵਰਜਿਨ ਮੋਬਾਈਲ ‘ਤੇ ਵੀ ਲਾਗੂ ਹੋਵੇਗਾ।ਰੌਜਰਜ਼ ਟੈਲੀਕੌਮ ਵੱਲੋਂ ਫ਼ਿਲਹਾਲ ਅਜਿਹੇ ਕਿਸੇ ਵਾਧੇ ਦੇ ਸੰਕੇਤ ਨਹੀਂ ਮਿਲੇ ਹਨ। ਹਾਲ ਦੀ ਘੜੀ ਰੌਜਰਜ਼, ਇਸਦੇ ਆਪਣੇ ਬ੍ਰਾਂਡ ਚੈਟਰ ਅਤੇ ਫ਼ਾਈਡੋ ਵੀ, ਆਪਣੇ ਉਪਭੋਗਤਾਵਾਂ ਤੋਂ ਅਮਰੀਕਾ ਲਈ 12 ਡਾਲਰ ਪ੍ਰਤੀ ਦਿਨ ਰੋਮਿੰਗ ਫ਼ੀਸ ਅਤੇ ਬਾਕੀ ਮੁਲਕਾਂ ਲਈ 15 ਡਾਲਰ ਪ੍ਰਤੀ ਦਿਨ ਰੋਮਿੰਗ ਫ਼ੀਸ ਵਸੂਲਦੇ ਹਨ।
(ਸੀਬੀਸੀ)