ਓਟਾਵਾ ਦੇ ਰੇਲਵੇ ਸਟੇਸ਼ਨ ‘ਤੇ ਇੱਕ ਮੁਸਲਿਮ ਵਿਅਕਤੀ ਦੇ ਨਮਾਜ਼ ਪੜ੍ਹਨ ‘ਤੇ ਸੁਰੱਖਿਆ ਗਾਰਡ ਵੱਲੋਂ ਇਤਰਾਜ਼ ਪ੍ਰਗਟਾਉਣ ਦੀ ਵੀਡੀਓ ਵਾਇਰਲ ਹੋ ਗਈ ਹੈ। ਇਸ ਘਟਨਾ ਲਈ VIA ਰੇਲ ਨੇ ਮੁਆਫ਼ੀ ਮੰਗੀ ਹੈ ਪਰ ਨੈਸ਼ਨਲ ਕੌਂਸਲ ਔਫ਼ ਕੈਨੇਡੀਅਨ ਮੁਸਲਿਮਜ਼ ਦਾ ਕਹਿਣਾ ਹੈ ਕਿ ਮੁਆਫ਼ੀ ਕਾਫ਼ੀ ਨਹੀਂ ਹੈ। 20 ਮਾਰਚ ਨੂੰ Tiktok ‘ਤੇ ਪੋਸਟ ਕੀਤੀ ਗਈ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇੱਕ ਸੁਰੱਖਿਆ ਗਾਰਡ ਇੱਕ ਕਾਲੇ ਰੰਗ ਦਾ ਸਵੈਟਰ ਪਾਏ ਉਡੀਕ ਖੇਤਰ ਵਿਚ ਬੈਠੇ ਇੱਕ ਵਿਅਕਤੀ ਕੋਲ ਆਉਂਦਾ ਹੈ।
ਉਹ ਵਿਅਕਤੀ ਗਾਰਡ ਨੂੰ ਕਹਿੰਦਾ ਹੈ ਜੇ ਮੈਂ ਦੋ ਮਿੰਟ ਨਮਾਜ਼ ਲਈ ਕੱਢ ਲਏ ਤਾਂ ਇਸ ਵਿਚ ਕੀ ਹਰਜ ਹੈ? ਸੁਰੱਖਿਆ ਗਾਰਡ ਉਸਨੂੰ ਕਹਿੰਦਾ ਹੈ ਕਿ ਉਹ ਉੱਥੇ ਨਮਾਜ਼ ਨਹੀਂ ਪੜ੍ਹ ਸਕਦਾ। ਅਸੀਂ ਨਹੀਂ ਚਾਹੁੰਦੇ ਤੂੰ ਇੱਥੇ ਪ੍ਰਾਰਥਨਾ ਕਰੇਂ। ਤੂੰ ਹੋਰ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈਂ। ਜਦੋਂ ਉਹ ਵਿਅਕਤੀ ਗਾਰਡ ਦੀ ਗੱਲ ਮੰਨਣ ਤੋਂ ਇਨਕਾਰ ਕਰਦਾ ਹੈ, ਤਾਂ ਗਾਰਡ ਉਸਨੂੰ ਧਮਕੀ ਦਿੰਦਾ ਹੈ।
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ VIA ਰੇਲ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਘਟਨਾ ‘ਅਫ਼ਸੋਸਨਾਕ’ ਹੈ ਅਤੇ ਉਨ੍ਹਾਂ ਨੇ ‘ਸਮੁੱਚੇ ਮੁਸਲਿਮ ਭਾਈਚਾਰੇ’ ਤੋਂ ਮੁਆਫ਼ੀ ਮੰਗੀ ਹੈ। ਵੀਆ ਰੇਲ ਨੇ ਕਿਹਾ, ਧਰਮ ਦੀ ਆਜ਼ਾਦੀ, ਜਿਸ ਵਿੱਚ ਪ੍ਰਾਰਥਨਾ ਕਰਨ ਦੀ ਆਜ਼ਾਦੀ ਵੀ ਸ਼ਾਮਲ ਹੈ, ਇੱਕ ਮਨੁੱਖੀ ਅਧਿਕਾਰ ਹੈ ਅਤੇ ਇਹ ਕੈਨੇਡੀਅਨ ਚਾਰਟਰ ਆਫ਼ ਰਾਈਟਸ ਐਂਡ ਫਰੀਡਮਜ਼ ਵਿੱਚ ਦਰਜ ਹੈ। ਵੀਆ ਰੇਲ ਇਸ ਘਟਨਾ ਦੀ ਸਖ਼ਤ ਨਿੰਦਾ ਕਰਦੀ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਪੱਖਪਾਤੀ ਵਿਵਹਾਰ ਨੂੰ ਬਰਦਾਸ਼ਤ ਨਹੀਂ ਕਰੇਗੀ।